ਤੇਜ਼ ਹਵਾਵਾਂ ਤੇ ਬੇਮੌਸਮੀ ਬਰਸਾਤ ਨੇ ਝੋਨੇ ਦੀ ਫ਼ਸਲ ਝੰਬੀ ਤੇਜ਼ ਹਵਾਵਾਂ ਤੇ ਬੇਮੌਸਮੀ ਬਰਸਾਤ
Publish Date: Thu, 17 Sep 2026 05:44 PM (IST)
Updated Date: Thu, 17 Sep 2026 05:47 PM (IST)
12 ਕਨਾਲ ਜ਼ਮੀਨ ਵਿੱਚ ਖੜ੍ਹੇ ਪਾਣੀ ਕਾਰਨ ਫ਼ਸਲ ਗਲਣ ਦਾ ਖ਼ਦਸ਼ਾ ਕਿਸਾਨ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਪਿਛਲੇ ਦਿਨੀਂ ਚੱਲੀਆਂ ਤੇਜ਼ ਹਵਾਵਾਂ ਤੇ ਰੁਕ-ਰੁਕ ਕੇ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀਆਂ ਫ਼ਸਲਾਂ ਦੇ ਜ਼ਮੀਨ ’ਤੇ ਵਿਛ ਜਾਣ ਨਾਲ ਕਈ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਹਲਕਾ ਭੋਆ ਅਧੀਨ ਪੈਂਦੇ ਪਿੰਡ ਸੁਕਾਲਗੜ੍ਹ ਦੇ ਕਿਸਾਨ ਅਸ਼ੋਕ ਸਿੰਘ ਪੁੱਤਰ ਚਮੇਲ ਸਿੰਘ ਦੀ 12 ਕਨਾਲ ਜ਼ਮੀਨ ਵਿੱਚ ਲੱਗੀ ਝੋਨੇ ਦੀ ਫ਼ਸਲ ਵੀ ਪਾਣੀ ਦੀ ਮਾਰ ਹੇਠ ਆ ਗਈ ਹੈ। ਕਿਸਾਨ ਅਸ਼ੋਕ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਵੱਲੋਂ 12 ਕਨਾਲ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਬੀਜੀ ਗਈ ਸੀ, ਜਿਸ ਨੂੰ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਬੀਜ, ਖਾਦ, ਦਵਾਈਆਂ, ਮਜ਼ਦੂਰੀ ਅਤੇ ਸਿੰਚਾਈ ਸਮੇਤ ਕਾਫ਼ੀ ਖਰਚਾ ਕੀਤਾ ਗਿਆ ਸੀ ਪਰ ਅਚਾਨਕ ਹੋਈ ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਖੇਤਾਂ ਵਿੱਚ ਕਰੀਬ ਦੋ-ਦੋ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਖੇਤ ਵਿੱਚੋਂ ਪਾਣੀ ਬਾਹਰ ਨਹੀਂ ਨਿਕਲ ਰਿਹਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਲੰਬੇ ਸਮੇਂ ਤੱਕ ਪਾਣੀ ਵਿੱਚ ਡੁੱਬੀ ਰਹਿਣ ਕਾਰਨ ਫ਼ਸਲ ਦੇ ਗਲਣ ਤੇ ਪੂਰੀ ਤਰ੍ਹਾਂ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਜੇਕਰ ਜਲਦੀ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਨੁਕਸਾਨ ਹੋਰ ਵਧ ਸਕਦਾ ਹੈ। ਉਸ ਨੇ ਕਿਹਾ ਕਿ ਫ਼ਸਲ ਦੇ ਨੁਕਸਾਨ ਦੀ ਭਰਪਾਈ ਨਾ ਹੋਣ ’ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਸੁਕਾਲਗੜ੍ਹ ਵਿੱਚ ਪ੍ਰਭਾਵਿਤ ਖੇਤਾਂ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਤੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਬਣਦਾ ਮੁਆਵਜ਼ਾ ਜਲਦ ਦਿੱਤਾ ਜਾਵੇ। ਇਸ ਦੇ ਨਾਲ ਹੀ ਖੇਤਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਵੀ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਬਾਕੀ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।