20 ਨੂੰ ਕੰਪਿਊਟਰ ਅਧਿਆਪਕ ਕਰਨਗੇ ਪੱਕੇ ਮੋਰਚੇ ਦੀ ਸ਼ੁਰੂਆਤ 20 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ
Publish Date: Thu, 17 Sep 2026 03:34 PM (IST)
Updated Date: Thu, 17 Sep 2026 03:35 PM (IST)
ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਕੀਤੀ ਜਾ ਰਹੀ ਅਣਦੇਖੀ ਦੇ ਰੋਸ ਵਜੋਂ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਕਿਹਾ ਕਿ 20 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਦਿਨ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਪੱਕੇ ਮੋਰਚੇ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਕੰਪਿਊਟਰ ਟੀਚਰਜ਼ ਯੂਨੀਅਨ ਪਠਾਨਕੋਟ ਦੇ ਜ਼ਿਲ੍ਹਾ ਤੇ ਸੂਬਾ ਆਗੂ ਅਮਨਦੀਪ ਸਿੰਘ ਤੇ ਰਾਕੇਸ਼ ਸੈਣੀ ਨੇ ਦੱਸਿਆ ਕਿ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ 2 ਦਸੰਬਰ 2010 ਨੂੰ ਪੰਜਾਬ ਸਰਕਾਰ ਵੱਲੋਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਤੇ 2011 ਵਿੱਚ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ, ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਸਰਕਾਰ ਵੱਲੋਂ ਮਾਮਲਾ ਸੁਪਰੀਮ ਕੋਰਟ ਵਿੱਚ ਲਿਜਾਇਆ ਗਿਆ ਹੈ। ਜ਼ਿਲ੍ਹਾ ਆਗੂ ਅਮਨਜੋਤੀ, ਪਰਵੀਨ ਕੁਮਾਰ, ਸੁਭਾਸ਼ ਚੰਦਰ, ਨਵਨੀਤ ਸ਼ਰਮਾ, ਸੁਰਜੀਤ, ਪਰਦੀਪ, ਰਵੀਨ, ਵਿਕਰਮ ਅਤੇ ਵਿਕਾਸ ਰਾਏ ਨੇ ਕਿਹਾ ਕਿ ਪਠਾਨਕੋਟ ਤੋਂ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ 20 ਸਤੰਬਰ ਦੀ ਰੈਲੀ ਵਿੱਚ ਸ਼ਾਮਲ ਹੋਣਗੇ। ਜ਼ਿਲ੍ਹਾ ਮਹਿਲਾ ਵਿੰਗ ਆਗੂ ਪ੍ਰਿਯੰਕਾ ਬਿਸ਼ਟ ਨੇ ਕਿਹਾ ਕਿ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।