ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਾਕਸਿੰਗ ਟੂਰਨਾਮੈਂਟ ਸੰਪੰਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ
Publish Date: Sat, 10 Oct 2026 05:20 PM (IST)
Updated Date: Sat, 10 Oct 2026 05:20 PM (IST)
ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ, ਪਠਾਨਕੋਟ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਖੇਡ ਵਿਭਾਗ ਪਠਾਨਕੋਟ ਵੱਲੋਂ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਜ਼ਿਲ੍ਹੇ ਭਰ ਤੋਂ 200 ਤੋਂ ਵੱਧ ਮੁੱਕੇਬਾਜ਼ਾਂ ਨੇ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਵਿੱਚ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ ਲੜਕਿਆਂ ਅਤੇ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਟੂਰਨਾਮੈਂਟ ਦੌਰਾਨ ਸਮਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਰਬੋਤਮ ਮੁੱਕੇਬਾਜ਼ ਦਾ ਖ਼ਿਤਾਬ ਜਿੱਤਿਆ। ਲੜਕੀਆਂ ਦੇ ਵਰਗ ਵਿੱਚ ਕੌਮਾਂਤਰੀ ਪੱਧਰ ਦੀ ਮੁੱਕੇਬਾਜ਼ ਸੰਜਨਾ ਨੇ ਆਪਣੇ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ, ਜਦਕਿ ਧਨਵੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਨਖਸ਼ ਜੱਗੀ ਨੇ 30 ਤੋਂ 33 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ, ਜਦਕਿ ਹਿਮਾਨਸ਼ੂ ਨੇ 33 ਤੋਂ 35 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਕਮ ਸਿੰਘ ਵਸਨ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਅੰਡਰ-14, ਅੰਡਰ-17, ਅੰਡਰ-21 ਅਤੇ 21 ਤੋਂ 30 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਆਪ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਵ ਬਹਿਲ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੀਰ ਸ਼ਾਰਦਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਲਾਵਜੀਤ ਸਿੰਘ, ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਰੁਣਵੀਰ ਸਿੰਘ, ਸਕੱਤਰ ਹਰਪ੍ਰੀਤ ਸਿੰਘ, ਇੰਚਾਰਜ ਅਤੇ ਕਨਵੀਨਰ ਨਰਿੰਦਰਪਾਲ ਸਿੰਘ ਅਤੇ ਸਹਿ-ਕਨਵੀਨਰ ਪੂਜਾ ਰਾਣੀ ਵੀ ਹਾਜ਼ਰ ਸਨ।ਇਸ ਦੌਰਾਨ ਕੋਚ ਹਰਪ੍ਰੀਤ ਸਿੰਘ ਅਤੇ ਕੋਚ ਪੂਜਾ ਰਾਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਮੰਚ ਖਿਡਾਰੀਆਂ ਨੂੰ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ।ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਕਮੇਟੀ ਮੈਂਬਰਾਂ ਸੁਨੀਲ, ਸੁਸ਼ੀਲ ਕੁਮਾਰ, ਤਰੁਣਵੀਰ ਸਿੰਘ ਅਤੇ ਸੁਰਿੰਦਰ ਰਾਹੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੈੱਸ ਵੱਲੋਂ ਵਿਨੋਦ ਕੁਮਾਰ ਨੇ ਮੁਕਾਬਲਿਆਂ ਦੀ ਕਵਰੇਜ ਅਤੇ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ, ਕੋਚਾਂ, ਅਧਿਕਾਰੀਆਂ, ਐਸੋਸੀਏਸ਼ਨ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।