ਖੇਡਾਂ ਵਤਨ ਪੰਜਾਬ ਦੀਆਂ : ਲਾਮੀਨੀ ਸਟੇਡੀਅਮ ’ਚ ਫੁੱਟਬਾਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦਿਖਾਇਆ ਜੋਸ਼ ਖੇਡਾਂ ਵਤਨ ਪੰਜਾਬ ਦੀਆਂ : ਲਾਮੀਨੀ ਸਟੇਡੀਅਮ ’ਚ ਫੁੱਟਬਾਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦਿਖਾਇਆ ਜੋਸ਼
Publish Date: Tue, 29 Sep 2026 05:27 PM (IST)
Updated Date: Tue, 29 Sep 2026 05:30 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਹੋਇਆ। ਲਾਮੀਨੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਖਿਡਾਰੀਆਂ ਅਤੇ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਫੁੱਟਬਾਲ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਫੁੱਟਬਾਲ ਮੁਕਾਬਲਿਆਂ ਦੀ ਇੰਚਾਰਜ ਪੂਜਾ ਰਾਣੀ ਫੁੱਟਬਾਲ ਕੋਚ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਦੋ-ਦੋ ਟੀਮਾਂ ਦੀ ਐਂਟਰੀ ਕਰਵਾਈ ਗਈ ਹੈ। ਇਨ੍ਹਾਂ ਟੀਮਾਂ ਵਿਚਕਾਰ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੰਡਰ-17 ਵਰਗ ਵਿੱਚ ਡੀਪੀਐਸ ਚੱਕੋ ਲਾੜੀ ਅਤੇ ਪ੍ਰਤਾਪ ਵਰਲਡ ਸਕੂਲ ਦੀਆਂ ਟੀਮਾਂ ਵਿਚਕਾਰ ਹੋਇਆ ਮੁਕਾਬਲਾ ਨਿਰਧਾਰਤ ਸਮੇਂ ਤੱਕ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਡੀਪੀਐਸ ਚੱਕੋ ਲਾੜੀ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਲਾਮੀਨੀ ਫੁੱਟਬਾਲ ਕੋਚਿੰਗ ਸੈਂਟਰ ਅਤੇ ਸੀਨੀਅਰ ਸਕਾਲਰ ਸਕੂਲ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਲਾਮੀਨੀ ਫੁੱਟਬਾਲ ਕੋਚਿੰਗ ਸੈਂਟਰ ਦੀ ਟੀਮ ਨੇ ਜਿੱਤ ਦਰਜ ਕੀਤੀ। ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਫੁੱਟਬਾਲ ਤੋਂ ਇਲਾਵਾ ਕਬੱਡੀ, ਵਾਲੀਬਾਲ ਅਤੇ ਖੋ-ਖੋ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਬਲਾਕਾਂ ਤੋਂ ਪਹੁੰਚੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ, ਨਰਿੰਦਰ ਪਾਲ ਬਾਕਸਿੰਗ ਕੋਚ, ਗੁਲਸ਼ਨ ਕੁਮਾਰ ਸਵਿਮਿੰਗ ਕੋਚ, ਗੁਰਪ੍ਰੀਤ ਸਿੰਘ ਕਬੱਡੀ ਕੋਚ, ਸੰਦੀਪ ਕੁਮਾਰ ਝੇਲਾ ਅੰਦਾ ਸ਼ਗਰਗੜ੍ਹ ਪੀਟੀਆਈ, ਸ਼ਸ਼ੀ ਕੁਮਾਰ ਕਰਾਟੇ ਕੋਚ, ਜੇਐਮਕੇ ਸਕੂਲ, ਅਰਸ਼ਦੀਪ ਕੌਰ ਫੁੱਟਬਾਲ ਕੋਚ, ਪ੍ਰਤਾਪ ਵਰਲਡ ਸਕੂਲ, ਦਲਵੀਰ ਕੁਮਾਰ, ਤੰਗੋਸ਼ਾਹ ਸਕੂਲ ਪੀਟੀਆਈ ਸਮੇਤ ਵੱਖ-ਵੱਖ ਕੋਚ ਅਤੇ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਲਾਮੀਨੀ ਫੁੱਟਬਾਲ ਕੋਚਿੰਗ ਸੈਂਟਰ ਦੇ ਖਿਡਾਰੀ ਗੋਰੀ ਗੁੱਜਰ ਅਤੇ ਗਗਨ ਸਮੇਤ ਹੋਰ ਖਿਡਾਰੀਆਂ ਨੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਸਿੰਘ ਇੰਟਰਨੈਸ਼ਨਲ ਬਾਕਸਿੰਗ ਕੋਚ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੋਚਿੰਗ ਸੈਂਟਰ ਅਤੇ ਸੀਨੀਅਰ ਸਕਾਲਰ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਇੰਟਰਨੈਸ਼ਨਲ ਬਾਕਸਿੰਗ ਕੋਚ, ਪੂਜਾ ਰਾਣੀ ਫੁੱਟਬਾਲ ਕੋਚ ਅਤੇ ਹੋਰ ਕੋਚ ਤੇ ਸਟਾਫ਼।