- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਬਿਹਤਰ ਸਾਧਨ
ਜਸਵਾਲੀ ਦੀਆਂ ਵਾਲੀਬਾਲ ਟੀਮਾਂ ਨੂੰ ਵੰਡੀਆਂ ਖੇਡ ਕਿੱਟਾਂ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਪਿੰਡ ਜਸਵਾਲੀ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਾਲੀਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਸਪੁੱਤਰ ਰੌਬਿਨ ਕੁਮਾਰ ਨੇ ਪਿੰਡ ਦੀਆਂ ਜੂਨੀਅਰ ਅਤੇ ਸੀਨੀਅਰ ਵਾਲੀਬਾਲ ਟੀਮਾਂ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਜੁੜਨ ਨਾਲ ਨੌਜਵਾਨਾਂ ’ਚ ਅਨੁਸ਼ਾਸਨ, ਮਿਹਨਤ, ਆਪਸੀ ਸਹਿਯੋਗ ਅਤੇ ਜਿੱਤਣ ਦਾ ਜਜ਼ਬਾ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ’ਚ ਵੀ ਸਹਾਈ ਸਾਬਤ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਪਿੰਡਾਂ ’ਚ ਖੇਡ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਸਿਰਫ਼ ਖਿਡਾਰੀਆਂ ਨੂੰ ਢੁੱਕਵੀਆਂ ਸਹੂਲਤਾਂ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਹੈ। ਉਨ੍ਹਾਂ ਜਸਵਾਲੀ ਦੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਕੇ ਖੇਡਾਂ ਦੇ ਖੇਤਰ ’ਚ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਮੁਖੀ ਰਵੀ ਸਿੰਘ, ਸਰਪੰਚ ਜਸਵਾਲੀ ਠਾਕੁਰ ਰਵੀ ਸਿੰਘ ਤੋਂ ਇਲਾਵਾ ਵਿਕਾਸ ਸਿੰਘ, ਲਾਡੀ, ਸੁਨੀਲ ਬਜਾਜ, ਪੰਮਾ ਸਲਗੋਤਰਾ ਸਮੇਤ ਪਿੰਡ ਦੇ ਪਤਵੰਤੇ, ਖੇਡ ਪ੍ਰੇਮੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਖਿਡਾਰੀਆਂ ਅਤੇ ਸਥਾਨਕ ਵਾਸੀਆਂ ਨੇ ਖੇਡ ਕਿੱਟਾਂ ਮੁਹੱਈਆ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਰੌਬਿਨ ਕੁਮਾਰ ਦਾ ਧੰਨਵਾਦ ਕੀਤਾ।