ਸਕੂਲ ਦੇ ਵਿਕਾਸ ਕਾਰਜਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ ਸਰਕਾਰੀ ਹਾਈ ਸਕੂਲ ਨੋਮਾਲਾ ਦੀ ਐੱਸਐੱਮਸੀ
Publish Date: Sat, 10 Oct 2026 04:50 PM (IST)
Updated Date: Sat, 10 Oct 2026 04:53 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਹਲਕਾ ਭੋਆ ਦੇ ਪਿੰਡ ਨੋਮਾਲਾ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਸਕੂਲ ਦੇ ਸਰਵਪੱਖੀ ਵਿਕਾਸ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ਪ੍ਰਬੰਧਕ ਕਮੇਟੀ (ਐੱਸਐੱਮਸੀ) ਦੀ ਮੀਟਿੰਗ ਮੋਨਿਕਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਸਕੂਲ ਦੀਆਂ ਲੋੜਾਂ, ਬੁਨਿਆਦੀ ਢਾਂਚੇ, ਸਫ਼ਾਈ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਮੌਜੂਦਾ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਮੀਆਂ ਨੂੰ ਦੂਰ ਕਰਨ ਲਈ ਸੁਝਾਅ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਲਈ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਸਾਂਝੇ ਸਹਿਯੋਗ ਨਾਲ ਸਕੂਲ ਦੀਆਂ ਲੋੜਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਕਮੇਟੀ ਮੈਂਬਰਾਂ ਨੇ ਸਕੂਲ ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਸਕੂਲ ਦੀ ਬਿਹਤਰੀ ਲਈ ਉਹ ਆਪਣਾ ਪੂਰਾ ਸਹਿਯੋਗ ਦੇਣਗੇ ਅਤੇ ਵਿਦਿਆਰਥੀਆਂ ਨੂੰ ਲੁੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰੱਖਣਗੇ। ਇਸ ਮੌਕੇ ਐੱਸਐੱਮਸੀ ਦੀ ਚੇਅਰਪਰਸਨ ਬੀਨਾ ਕੁਮਾਰੀ, ਮਹਿੰਦਰ ਸਿੰਘ, ਮਨਮੋਹਨ ਸਿੰਘ, ਰਵਿੰਦਰ ਕੁਮਾਰ, ਸ਼ਿਫਾਲੀ, ਰੀਤਿਕਾ, ਕੁਲਵਿੰਦਰ ਕੌਰ, ਹਿੰਮਤ ਸਿੰਘ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।