ਵਿਗਿਆਨਕ ਪ੍ਰਦਰਸ਼ਨੀ ’ਚ ਸੀਆ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਵਿਗਿਆਨਕ ਪ੍ਰਦਰਸ਼ਨੀ ਵਿੱਚ ਸੀਆ ਨੇ ਮੱਲੀ ਪਹਿਲੀ ਪੁਜ਼ੀਸ਼ਨ, ਰਾਜ ਪੱਧਰੀ ਮੁਕਾਬਲੇ ਲਈ ਹੋਈ ਚੋਣ
Publish Date: Tue, 17 Nov 2026 04:57 PM (IST)
Updated Date: Tue, 17 Nov 2026 05:00 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਸਰਕਾਰੀ ਹਾਈ ਸਕੂਲ ਨੌਮਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਵਿਸ਼ਾ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਸੀਆ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਈ ਆਪਣੀ ਥਾਂ ਪੱਕੀ ਕੀਤੀ ਹੈ। ਸਕੂਲ ਦੀ ਮੁੱਖ ਅਧਿਆਪਕਾ ਮੋਨਿਕਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੌਰਾਨ ਸੀਆ ਨੇ ਦਸਵੀਂ ਜਮਾਤ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸ ਵੱਲੋਂ ਹਰੀ ਊਰਜਾ ਅਤੇ ਵਾਤਾਵਰਨ ਦੀ ਸੰਭਾਲ ਵਿਸ਼ੇ ਤੇ ਤਿਆਰ ਕੀਤੇ ਪ੍ਰਾਜੈਕਟ ਦੀ ਮੁਲਾਂਕਣਕਾਰਾਂ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਇਸੇ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਸੋਨਾਕਸ਼ੀ ਨੇ ਖੇਤੀਬਾੜੀ ਦੇ ਤਰੀਕਿਆਂ ਬਾਰੇ ਪ੍ਰਾਜੈਕਟ ਪੇਸ਼ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਸ਼ਾ ਮੇਲੇ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਹਰਸ਼ ਅਤੇ ਨੈਤਿਕ ਨੇ ਗਣਿਤ ਵਿਸ਼ੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਦੋਵਾਂ ਵਿਦਿਆਰਥੀਆਂ ਨੇ ਕਲਾ ਰਾਹੀਂ ਸਿੱਖਿਆ ਦੇਣ ਦੇ ਵਿਸ਼ੇ ਨੂੰ ਆਪਣੀ ਪੇਸ਼ਕਾਰੀ ਵਿੱਚ ਬਾਖੂਬੀ ਦਰਸਾਇਆ। ਮੁੱਖ ਅਧਿਆਪਕਾ ਮੋਨਿਕਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹਨ। ਉਨ੍ਹਾਂ ਸੀਆ ਨੂੰ ਰਾਜ ਪੱਧਰੀ ਮੁਕਾਬਲੇ ਲਈ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਧਿਆਪਕ ਮੋਹਿੰਦਰ ਸਿੰਘ, ਹਿੰਮਤ ਸਿੰਘ, ਮਨਮੋਹਨ ਕ੍ਰਿਸ਼ਨ, ਰਵਿੰਦਰ ਕੁਮਾਰ, ਰਿਤਿਕਾ, ਸ਼ਿਫਾਲੀ ਅਤੇ ਕੁਲਵਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ ਅਤੇ ਵਿਦਿਆਰਥੀਆਂ ਦੀ ਸਫ਼ਲਤਾ ਤੇ ਖੁਸ਼ੀ ਪ੍ਰਗਟਾਈ।