ਰਾਤ ਦੇ ਵੇਲੇ ਘਰ ਬਾਹਰ ਚੱਲੀ ਗੋਲੀ, ਪਠਾਨਕੋਟ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮ ਦੀ ਤਲਾਸ਼ ਜਾਰੀ
ਸਦਰ ਪਠਾਨਕੋਟ ਦੇ ਪਿੰਡ ਲਾਹੜੀ ਵਿਖੇ ਇੱਕ ਘਰ ਦੇ ਬਾਹਰ ਕਥਿਤ ਤੌਰ 'ਤੇ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।
Publish Date: Thu, 06 Aug 2026 11:56 AM (IST)
Updated Date: Thu, 06 Aug 2026 12:08 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਸਦਰ ਪਠਾਨਕੋਟ ਦੇ ਪਿੰਡ ਲਾਹੜੀ ਵਿਖੇ ਇੱਕ ਘਰ ਦੇ ਬਾਹਰ ਕਥਿਤ ਤੌਰ 'ਤੇ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਲਾਹੜੀ-318, ਸਦਰ ਪਠਾਨਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 5 ਅਗਸਤ ਨੂੰ ਕਰੀਬ ਰਾਤ 8.20 ਵਜੇ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਘਰ ਦੇ ਬਾਹਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਬਾਹਰ ਆ ਕੇ ਦੇਖਿਆ ਤਾਂ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਨੇ ਜਾਣਬੁੱਝ ਕੇ ਹਵਾਈ ਫਾਇਰ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ।
ਸੂਚਨਾ ਮਿਲਣ 'ਤੇ ਐੱਸਆਈ ਇੰਦਰਜੀਤ ਚੌਧਰੀ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ 32 ਬੋਰ ਦਾ ਇੱਕ ਖਾਲੀ ਖੋਲ ਵੀ ਬਰਾਮਦ ਹੋਇਆ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ।
ਪੁਲਿਸ ਨੇ ਸ਼ਿਕਾਇਤ ਅਤੇ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 125 ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27/54/59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੇਸ ਦੀ ਜਾਂਚ ਐੱਸਆਈ ਵਰਿੰਦਰ ਮਾਨ ਨੂੰ ਸੌਂਪੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਜਲਦ ਕਾਬੂ ਕਰਨ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।