ਲਾਹੜੀ-318 ਗੋਲੀਬਾਰੀ ਮਾਮਲੇ ’ਚ ਪੁਲਿਸ ਨੂੰ ਵੱਡੀ ਸਫ਼ਲਤਾ, ਸ਼ਿਵ ਸੈਨਾ ਆਗੂ ਪੁਲਿਸ ਹਿਰਾਸਤ ’ਚ
ਪੁਲਿਸ ਵੱਲੋਂ ਉਸ ਤੋਂ ਘਟਨਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਹਰ ਪੱਖ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਬੁੱਧਵਾਰ ਰਾਤ ਉਸ ਵੇਲੇ ਵਾਪਰੀ ਸੀ ਜਦੋਂ ਪੀੜਤ ਪਰਿਵਾਰ ਆਪਣੇ ਬੱਚਿਆਂ ਸਮੇਤ ਘਰ ਅੰਦਰ ਰਾਤ ਦਾ ਖਾਣਾ ਖਾ ਰਿਹਾ ਸੀ।
Publish Date: Fri, 07 Aug 2026 12:26 PM (IST)
Updated Date: Fri, 07 Aug 2026 12:30 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਸਰਹੱਦੀ ਪਿੰਡ ਲਾਹੜੀ-318 ’ਚ ਇੱਕ ਜ਼ਮੀਨਦਾਰ ਦੇ ਘਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਸਦਰ ਥਾਣਾ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਹਿਰਾਸਤ ’ਚ ਲਿਆ ਗਿਆ ਵਿਅਕਤੀ ਸ਼ਿਵ ਸੈਨਾ ਨਾਲ ਸੰਬੰਧਿਤ ਆਗੂ ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਉਸ ਤੋਂ ਘਟਨਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਹਰ ਪੱਖ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਬੁੱਧਵਾਰ ਰਾਤ ਉਸ ਵੇਲੇ ਵਾਪਰੀ ਸੀ ਜਦੋਂ ਪੀੜਤ ਪਰਿਵਾਰ ਆਪਣੇ ਬੱਚਿਆਂ ਸਮੇਤ ਘਰ ਅੰਦਰ ਰਾਤ ਦਾ ਖਾਣਾ ਖਾ ਰਿਹਾ ਸੀ।
ਇਸ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਘਰ ਵਿੱਚ ਤਰਥੱਲੀ ਮਚ ਗਈ। ਡਰੇ-ਸਹਿਮੇ ਬੱਚੇ ਤੁਰੰਤ ਘਰ ਦੇ ਅੰਦਰਲੇ ਹਿੱਸੇ ਵੱਲ ਭੱਜ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਜਾਂਚ ਕੀਤੀ ਤਾਂ ਘਰ ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ ਅਤੇ ਕਮਰੇ ਦੇ ਫਰਸ਼ ’ਤੇ ਚੱਲੀ ਹੋਈ ਗੋਲੀ ਦਾ ਖਾਲੀ ਖੋਲ ਵੀ ਪਿਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕੀਤੀ। ਹੁਣ ਪੁਲਿਸ ਵੱਲੋਂ ਕਾਬੂ ਕੀਤੇ ਗਏ ਸ਼ਿਵ ਸੈਨਾ ਆਗੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।