ਸ਼ਾਹਪੁਰਕੰਡੀ ਬੈਰਾਜ ਖਤਰੇ ਦੇ ਨਿਸ਼ਾਨ ਤੋਂ 2.40 ਮੀਟਰ ਹੇਠਾਂ ਸ਼ਾਹਪੁਰਕੰਡੀ ਬੈਰਾਜ ਖਤਰੇ ਦੇ ਨਿਸ਼ਾਨ ਤੋਂ 2.40 ਮੀਟਰ ਹੇਠਾਂ
Publish Date: Tue, 21 Jul 2026 07:58 PM (IST)
Updated Date: Wed, 22 Jul 2026 04:10 AM (IST)
ਫੋਟੋ : ਰਣਜੀਤ ਸਾਗਰ ਡੈਮ ਦੀ ਝੀਲ ਦਾ ਦ੍ਰਿਸ਼। * ਮਾਧੋਪੁਰ ਹੈੱਡਵਰਕਸ ਦੇ ਗੇਟ ਖੋਲ੍ਹ ਕੇ ਪਾਕਿਸਤਾਨ ਵੱਲ ਛੱਡਿਆ ਪਾਣੀ ਨਰਿੰਦਰ ਨਿੰਦੀ, ਪੰਜਾਬੀ ਜਾਗਰਣ ਪਠਾਨਕੋਟ : ਪਹਾੜੀ ਖੇਤਰਾਂ ’ਚ ਹੋਈ ਭਾਰੀ ਵਰਖਾ ਤੇ ਵੱਖ-ਵੱਖ ਹਾਈਡਲ ਪ੍ਰੋਜੈਕਟਾਂ ਤੋਂ ਪਾਣੀ ਦੀ ਵਧੀ ਹੋਈ ਆਮਦ ਨੇ ਰਣਜੀਤ ਸਾਗਰ ਡੈਮ ਤੇ ਸ਼ਾਹਪੁਰਕੰਡੀ ਬੈਰਾਜ ਦੇ ਜਲ ਪੱਧਰ ’ਚ ਤੇਜ਼ੀ ਨਾਲ ਵਾਧਾ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਜਲ ਪੱਧਰ ’ਚ ਲਗਪਗ ਇਕ ਮੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਸ਼ਾਹਪੁਰਕੰਡੀ ਬੈਰਾਜ ਵੀ ਆਪਣੀ ਸਮਰੱਥਾ ਨੇੜੇ ਪਹੁੰਚ ਗਿਆ ਹੈ। ਹਾਲਾਂਕਿ ਡੈਮ ਪ੍ਰਸ਼ਾਸਨ ਵੱਲੋਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਪੱਧਰ ਇਸ ਸਮੇਂ 503.22 ਮੀਟਰ ਦਰਜ ਕੀਤਾ ਗਿਆ ਹੈ, ਜਦਕਿ ਇਕ ਦਿਨ ਪਹਿਲਾਂ ਇਹ 502.23 ਮੀਟਰ ਸੀ। ਚਮੇਰਾ ਤੇ ਸੇਵਾ ਹਾਈਡਲ ਪ੍ਰੋਜੈਕਟਾਂ ਤੋਂ ਕੁੱਲ 92,071 ਕਿਊਸਿਕ ਪਾਣੀ ਦੀ ਆਮਦ ਹੋਣ ਕਾਰਨ ਝੀਲ ਦੇ ਜਲ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਡੈਮ ’ਚ ਵੱਧ ਤੋਂ ਵੱਧ 527.91 ਮੀਟਰ ਤੱਕ ਪਾਣੀ ਸੰਭਾਲਣ ਦੀ ਸਮਰੱਥਾ ਹੋਣ ਕਾਰਨ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਖਤਰੇ ਵਾਲੀ ਸਥਿਤੀ ਨਹੀਂ ਦੱਸੀ ਜਾ ਰਹੀ। ਦੂਜੇ ਪਾਸੇ, ਸ਼ਾਹਪੁਰਕੰਡੀ ਬੈਰਾਜ ਦਾ ਜਲ ਪੱਧਰ 402.10 ਮੀਟਰ ਤੱਕ ਪਹੁੰਚ ਗਿਆ ਹੈ ਤੇ ਇਹ ਖਤਰੇ ਦੇ ਨਿਸ਼ਾਨ ਤੋਂ ਕੇਵਲ 2.40 ਮੀਟਰ ਹੇਠਾਂ ਰਹਿ ਗਿਆ ਹੈ। ਹੇਠਲੇ ਇਲਾਕਿਆਂ ’ਚ ਸਿੰਚਾਈ ਲਈ ਪਾਣੀ ਦੀ ਮੰਗ ਘੱਟ ਹੋਣ ਕਾਰਨ ਰਣਜੀਤ ਸਾਗਰ ਡੈਮ ’ਚ ਬਿਜਲੀ ਉਤਪਾਦਨ ਵੀ ਘਟਾ ਦਿੱਤਾ ਗਿਆ ਹੈ। ਚਾਰ ਵਿਚੋਂ ਦੋ ਯੂਨਿਟ ਚਲਾ ਕੇ ਇਸ ਸਮੇਂ 240 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਤੇ 21,010 ਕਿਊਸਿਕ ਪਾਣੀ ਸ਼ਾਹਪੁਰਕੰਡੀ ਬੈਰਾਜ ਵੱਲ ਛੱਡਿਆ ਜਾ ਰਿਹਾ ਹੈ। ਸ਼ਾਹਪੁਰਕੰਡੀ ਬੈਰਾਜ ਤੋਂ ਮਾਧੋਪੁਰ ਹੈੱਡਵਰਕਸ ਵੱਲ 13,010 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ’ਚ ਪਾਣੀ ਦੀ ਵਧੀ ਹੋਈ ਆਮਦ ਨੂੰ ਦੇਖਦਿਆਂ 52 ਵਿਚੋਂ ਚਾਰ ਗੇਟ ਚਾਰ-ਚਾਰ ਫੁੱਟ ਤੱਕ ਖੋਲ੍ਹੇ ਗਏ ਹਨ ਅਤੇ ਲਗਭਗ 23 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ ਹੈ। ਇਸ ਤੋਂ ਇਲਾਵਾ ਮਾਧੋਪੁਰ ਹੈੱਡਵਰਕਸ ਤੋਂ ਯੂਬੀਡੀਸੀ ਨਹਿਰ ਵਿੱਚ 3,243 ਕਿਊਸਿਕ, ਐਮਬੀ ਲਿੰਕ ਨਹਿਰ ਵਿੱਚ 6,000 ਕਿਊਸਿਕ, ਕਸ਼ਮੀਰ ਕੈਨਾਲ ਵਿੱਚ 200 ਕਿਊਸਿਕ ਅਤੇ ਇਸਲਾਮਪੁਰ ਨਹਿਰ ਵਿੱਚ 50 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਪ੍ਰਸ਼ਾਸਨ ਅਨੁਸਾਰ ਮੌਜੂਦਾ ਮਾਨਸੂਨ ਦੀ ਇਹ ਪਹਿਲੀ ਭਾਰੀ ਵਰਖਾ ਹੈ, ਜਿਸ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦੀ ਆਮਦ ਵਧੀ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਖਤਰੇ ਵਾਲੀ ਸਥਿਤੀ ਨਹੀਂ ਹੈ। ਵੱਖ-ਵੱਖ ਇਲਾਕਿਆਂ ’ਚ ਭਾਰੀ ਵਰਖਾ ਭਾਰੀ ਮੀਂਹ ਕਾਰਨ ਸ਼ਾਹਪੁਰਕੰਡੀ ’ਚ 115 ਮਿਲੀਮੀਟਰ, ਰਣਜੀਤ ਸਾਗਰ ਡੈਮ ’ਚ 67.2 ਮਿਲੀਮੀਟਰ, ਸਾਰਟੀ ਫੰਗੋਤਾ ਵਿੱਚ 64 ਮਿਲੀਮੀਟਰ, ਪੱਟੀ ਵਿੱਚ 101.08 ਮਿਲੀਮੀਟਰ, ਖੇਰੀ ਵਿੱਚ 65 ਮਿਲੀਮੀਟਰ ਅਤੇ ਪੂੰਡ ਵਿੱਚ 141.05 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਨੇੜਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ’ਚ ਵੀ ਚੰਗੀ ਵਰਖਾ ਹੋਈ ਹੈ।