- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ ਵਿੱਚ ਸਾਈਬਰ ਠੱਗਾਂ ਨੇ ਪਠਾਨਕੋਟ ਵਿਖੇ ਤਾਇਨਾਤ ਭਾਰਤੀ ਸੈਨਾ ਦੇ ਇਕ ਫ਼ੌਜੀ ਜਵਾਨ ਨੂੰ ਕਿਤਾਬ ਦਾ ਆਰਡਰ ਰੱਦ ਕਰਵਾਉਣ ਅਤੇ ਪੈਸੇ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ 7.69 ਲੱਖ ਰੁਪਏ ਦੀ ਠੱਗੀ ਮਾਰ ਲਈ।

- ਸ਼ੱਕੀ ਲਿੰਕ ’ਤੇ ਕਲਿੱਕ ਕਰਦਿਆਂ ਹੀ ਮੋਬਾਈਲ ਫ਼ੋਨ ਹੋਇਆ ਹੈਕ, ਪੁਲਿਸ ਵੱਲੋਂ ਜਾਂਚ ਸ਼ੁਰੂ
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ ਵਿੱਚ ਸਾਈਬਰ ਠੱਗਾਂ ਨੇ ਪਠਾਨਕੋਟ ਵਿਖੇ ਤਾਇਨਾਤ ਭਾਰਤੀ ਸੈਨਾ ਦੇ ਇਕ ਫ਼ੌਜੀ ਜਵਾਨ ਨੂੰ ਕਿਤਾਬ ਦਾ ਆਰਡਰ ਰੱਦ ਕਰਵਾਉਣ ਅਤੇ ਪੈਸੇ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ 7.69 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਜਵਾਨ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇਣ ਉਪਰੰਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਏ. ਮੂਰਤੀ ਅਸਲ ਵਿੱਚ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪਠਾਨਕੋਟ ਜ਼ਿਲ੍ਹੇ ਦੇ ਮਾਮੂਨ ਕੈਂਟ ਸਥਿਤ ਆਰਮੀ ਰੈਜੀਮੈਂਟ ਵਿੱਚ ਤਾਇਨਾਤ ਹੈ। ਜਾਣਕਾਰੀ ਅਨੁਸਾਰ ਫ਼ੌਜੀ ਜਵਾਨ ਨੇ ਇਕ ਆਨਲਾਈਨ ਪਲੇਟਫਾਰਮ ਰਾਹੀਂ ਕਿਤਾਬ ਦਾ ਆਰਡਰ ਕੀਤਾ ਸੀ। ਬਾਅਦ ਵਿੱਚ ਕਿਸੇ ਕਾਰਨ ਕਰਕੇ ਉਹ ਇਸ ਆਰਡਰ ਨੂੰ ਰੱਦ ਕਰਵਾਉਣਾ ਚਾਹੁੰਦਾ ਸੀ। ਇਸ ਸਬੰਧੀ ਜਦੋਂ ਉਸ ਨੇ ਆਨਲਾਈਨ ਗਾਹਕ ਸੇਵਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਈਬਰ ਠੱਗਾਂ ਨੇ ਉਸ ਨਾਲ ਸੰਪਰਕ ਕਰ ਲਿਆ। ਠੱਗਾਂ ਨੇ ਆਪਣੇ ਆਪ ਨੂੰ ਗਾਹਕ ਸੇਵਾ ਨਾਲ ਜੁੜਿਆ ਦੱਸਦਿਆਂ ਕਿਤਾਬ ਦਾ ਆਰਡਰ ਰੱਦ ਕਰਵਾਉਣ ਅਤੇ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਠੱਗਾਂ ਨੇ ਜਵਾਨ ਦੇ ਮੋਬਾਈਲ ਫ਼ੋਨ |ਤੇ ਇਕ ਲਿੰਕ ਭੇਜਿਆ। ਜਿਵੇਂ ਹੀ ਜਵਾਨ ਨੇ ਇਸ ਲਿੰਕ |ਤੇ ਕਲਿੱਕ ਕੀਤਾ, ਉਸ ਦਾ ਮੋਬਾਈਲ ਫ਼ੋਨ ਸਾਈਬਰ ਠੱਗਾਂ ਦੀ ਪਹੁੰਚ ਵਿੱਚ ਆ ਗਿਆ। ਇਸ ਤੋਂ ਬਾਅਦ ਠੱਗਾਂ ਨੇ ਉਸ ਦੇ ਬੈਂਕ ਖਾਤਿਆਂ ਨਾਲ ਸਬੰਧਿਤ ਜਾਣਕਾਰੀਆਂ ਹਾਸਲ ਕਰ ਕੇ ਵੱਖ-ਵੱਖ ਲੈਣ-ਦੇਣ ਰਾਹੀਂ ਕੁਝ ਹੀ ਸਮੇਂ ਵਿੱਚ ਕੁੱਲ 7.69 ਲੱਖ ਰੁਪਏ ਦੀ ਰਕਮ ਕਢਵਾ ਲਈ। ਜਵਾਨ ਨੂੰ ਇਸ ਠੱਗੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਮੋਬਾਈਲ ਫ਼ੋਨ ’ਤੇ ਬੈਂਕ ਖਾਤੇ ਵਿੱਚੋਂ ਰਕਮ ਕੱਟੇ ਜਾਣ ਸਬੰਧੀ ਸੁਨੇਹੇ ਆਉਣੇ ਸ਼ੁਰੂ ਹੋਏ। ਉਸ ਨੇ ਤੁਰੰਤ ਮਾਮਲੇ ਦੀ ਸੂਚਨਾ ਸਬੰਧਤ ਪੁਲਿਸ ਅਤੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਸਾਈਬਰ ਠੱਗਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਠੱਗੀ ਵਿੱਚ ਵਰਤੇ ਗਏ ਬੈਂਕ ਖਾਤਿਆਂ ਅਤੇ ਆਨਲਾਈਨ ਲੈਣ-ਦੇਣ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸਾਈਬਰ ਠੱਗਾਂ ਤੱਕ ਪਹੁੰਚਣ ਲਈ ਤਕਨੀਕੀ ਤਰੀਕਿਆਂ ਦੀ ਵੀ ਮਦਦ ਲੈ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਭੇਜੇ ਗਏ ਸ਼ੱਕੀ ਲਿੰਕ ’ਤੇ ਕਲਿੱਕ ਨਾ ਕਰਨ ਅਤੇ ਕਿਸੇ ਵੀ ਹਾਲਤ ਵਿੱਚ ਆਪਣੀ ਬੈਂਕਿੰਗ ਜਾਣਕਾਰੀ, ਓਟੀਪੀ ਜਾਂ ਹੋਰ ਗੁਪਤ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ। ਸਾਈਬਰ ਠੱਗੀ ਦਾ ਸ਼ਿਕਾਰ ਹੋਣ ਦੀ ਸੂਰਤ ਵਿੱਚ ਤੁਰੰਤ 1930 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।