- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮਬੀਬੀਐੱਸ ਦਾਖ਼ਲੇ ਦੇ ਨਾਂ 'ਤੇ 21 ਲੱਖ ਦੀ ਠੱਗੀ

- ਗੁਰੂਗ੍ਰਾਮ ਦਾ ਸੈਂਟਰ ਬੰਦ ਕਰ ਰਾਏਪੁਰ 'ਚ ‘ਬ੍ਰਾਈਟਮਾਰਗ’ ਦੇ ਨਾਂ ਹੇਠ ਚਲਾ ਰਹੇ ਸਨ ਧੰਦਾ
- 3 ਲੈਪਟਾਪ, 48 ਮੋਬਾਈਲ ਫੋਨ, ਜਾਅਲੀ ਸਿਮ ਕਾਰਡ, ਜਾਅਲੀ ਦਸਤਾਵੇਜ਼, 3 ਜਾਅਲੀ ਆਧਾਰ ਕਾਰਡ ਤੇ ਸਕਾਰਪੀਓ ਬਰਾਮਦ
ਫੋਟੋ : ਪਠਾਨਕੋਟ ਸਾਈਬਰ ਕਰਾਈਮ ਪੁਲਿਸ ਵੱਲੋਂ ਐੱਮਬੀਬੀਐੱਸ ਦਾਖ਼ਲੇ ਦੇ ਨਾਂ 'ਤੇ ਠੱਗੀ ਕਰਨ ਦੇ ਮਾਮਲੇ 'ਚ ਕਾਬੂ ਕੀਤੇ ਮੁਲਜ਼ਮ ਪੁਲਿਸ ਪਾਰਟੀ ਨਾਲ।
ਫੋਟੋ - ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਸਕਾਰਪੀਓ-ਐੱਨ ਗੱਡੀ।
ਆਰ ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਨੀਟ ਪਾਸ ਵਿਦਿਆਰਥੀਆਂ ਨੂੰ ਐੱਮਬੀਬੀਐੱਸ ’ਚ ਘੱਟ ਫ਼ੀਸ 'ਤੇ ਦਾਖ਼ਲਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਮੁਲਜ਼ਮਾਂ ਮੁਲਜ਼ਮਾਂ ਦੀ ਪਛਾਣ ਬੰਟੀ ਕੁਮਾਰ ਤੀਵਾਰੀ ਪੁੱਤਰ ਸ਼ਿਵ ਕੁਮਾਰ ਤੀਵਾਰੀ ਵਾਸੀ ਬਿਹਾਰ ਤੇ ਮੁਹੰਮਦ ਜੁਬੇਰ ਪੁੱਤਰ ਸ਼ੇਰ ਖਾਨ ਵਾਸੀ ਦਿੱਲੀ ਨੂੰ ਰਾਏਪੁਰ, ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਲੈਪਟਾਪ, 48 ਮੋਬਾਈਲ ਫੋਨ ਸਮੇਤ ਜਾਅਲੀ ਸਿਮ ਕਾਰਡ, ਵਿਦਿਆਰਥੀਆਂ ਤੇ ਐੱਮਬੀਬੀਐੱਸ ਕਾਲਜਾਂ ਨਾਲ ਸਬੰਧਤ ਡਾਟਾ, ਦਫ਼ਤਰੀ ਡਾਇਰੀਆਂ, ਜਾਅਲੀ ਦਸਤਾਵੇਜ਼, 3 ਡੈਬਿਟ ਕਾਰਡ, 3 ਜਾਅਲੀ ਆਧਾਰ ਕਾਰਡ ਤੇ ਇਕ ਸਕਾਰਪੀਓ-ਐੱਨ ਗੱਡੀ ਬਰਾਮਦ ਕੀਤੀ ਹੈ। ਐੱਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਹੈ ਕਿ ਪਠਾਨਕੋਟ ਵਾਸੀ ਵਿਕਰਮਜੀਤ ਵੱਲੋਂ ਦਿੱਤੀ ਦਰਖ਼ਾਸਤ ਦੇ ਆਧਾਰ 'ਤੇ ਸਾਈਬਰ ਕਰਾਈਮ ਥਾਣਾ ਪਠਾਨਕੋਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਨੈੱਟਵਰਕ ਨਾਲ ਜੁੜੇ ਹੋਰ ਮੁੱਖ ਵਿਅਕਤੀਆਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਯਤਨ ਜਾਰੀ ਹਨ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦੇ ਪੁੱਤਰ ਨੇ ਸਾਲ 2025 ’ਚ ਨੀਟ ਦੀ ਪ੍ਰੀਖਿਆ ਦਿੱਤੀ ਸੀ। ਇਸ ਮਗਰੋਂ ਉਸ ਨੂੰ ਗੁਰੂਗ੍ਰਾਮ, ਹਰਿਆਣਾ ਸਥਿਤ ‘ਦਿ ਐਡਮਿਸ਼ਨ ਸਲਿਊਸ਼ਨ’ ਨਾਂ ਦੇ ਕਾਊਂਸਲਿੰਗ ਸੈਂਟਰ ਤੋਂ ਫੋਨ ਆਉਣੇ ਸ਼ੁਰੂ ਹੋਏ। ਫੋਨ ਕਰਨ ਵਾਲਿਆਂ ਨੇ ਘੱਟ ਫ਼ੀਸ 'ਤੇ ਕਿਸੇ ਵੱਡੇ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਦੀ ਸੀਟ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਬੈਂਕ ਖਾਤਿਆਂ ’ਚ ਕਰੀਬ 21 ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ। ਕੁਝ ਸਮੇਂ ਬਾਅਦ ਕਾਊਂਸਲਿੰਗ ਸੈਂਟਰ ਬੰਦ ਕਰ ਦਿੱਤਾ ਗਿਆ ਤੇ ਮੁਲਜ਼ਮ ਸੰਪਰਕ ਤੋਂ ਬਾਹਰ ਹੋ ਗਏ।
ਨਾਂਅ ਬਦਲ ਕੇ ਰਾਏਪੁਰ 'ਚ ਖੋਲ੍ਹ ਲਿਆ ਨਵਾਂ ਸੈਂਟਰ
ਤਫ਼ਤੀਸ਼ ਦੌਰਾਨ ਸਾਈਬਰ ਕ੍ਰਾਈਮ ਪੁਲਿਸ ਨੇ ਜਾਂਚ ਕਰਦਿਆਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ। ਜਾਂਚ ’ਚ ਸਾਹਮਣੇ ਆਇਆ ਕਿ ਗੁਰੂਗ੍ਰਾਮ ’ਚ ‘ਦਿ ਐਡਮਿਸ਼ਨ ਸਲਿਊਸ਼ਨ’ ਦੇ ਨਾਂ ਹੇਠ ਚੱਲ ਰਿਹਾ ਸੈਂਟਰ ਬੰਦ ਕਰ ਕੇ ਮੁਲਜ਼ਮਾਂ ਨੇ ਰਾਏਪੁਰ ’ਚ ‘ਬ੍ਰਾਈਟਮਾਰਗ’ ਦੇ ਨਾਂਅ ਹੇਠ ਨਵਾਂ ਕਾਊਂਸਲਿੰਗ ਸੈਂਟਰ ਖੋਲ੍ਹ ਲਿਆ ਸੀ। ਆਪਣੀ ਅਸਲ ਪਛਾਣ ਲੁਕਾਉਣ ਲਈ ਜਾਅਲੀ ਆਧਾਰ ਕਾਰਡ, ਪੈਨ ਕਾਰਡ ਤੇ ਹੋਰ ਦਸਤਾਵੇਜ਼ ਵਰਤੇ ਜਾ ਰਹੇ ਸਨ। ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੇ ਐੱਸਐੱਚਓ ਅਮਿਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਕਨੀਕੀ ਜਾਂਚ ਨੂੰ ਅੱਗੇ ਵਧਾਉਂਦਿਆਂ ਰਾਏਪੁਰ ਵਿਖੇ ਕਾਰਵਾਈ ਕਰ ਕੇ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ।