ਇੱਕ ਮਹੀਨੇ ’ਚ ਹੀ ਟੁੱਟਣ ਲੱਗੀਆਂ ਸੜਕਾਂ, ਲੋਕਾਂ ’ਚ ਰੋਸ ਇੱਕ ਮਹੀਨੇ ਵਿੱਚ ਹੀ ਟੁੱਟਣ ਲੱਗੀਆਂ ਮੰਡੀ ਬੋਰਡ ਵੱਲੋਂ ਬਣਾਈਆਂ ਸੜਕਾਂ
Publish Date: Thu, 19 Nov 2026 05:03 PM (IST)
Updated Date: Thu, 19 Nov 2026 05:04 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ : ਹਲਕਾ ਭੋਆ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਪਿੰਡ ਡਿੰਮਕੂ ਧਲੋਰੀਆਂ ਅਤੇ ਪਠਾਨ ਚੱਕ ਵਿੱਚ ਮੰਡੀ ਬੋਰਡ ਵੱਲੋਂ ਕਰੀਬ ਇੱਕ ਮਹੀਨਾ ਪਹਿਲਾਂ ਬਣਾਈਆਂ ਗਈਆਂ ਸੜਕਾਂ ਦੇ ਟੁੱਟਣ ਕਾਰਨ ਪਿੰਡ ਵਾਸੀਆਂ ਨੇ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੜਕਾਂ ਦੇ ਨਿਰਮਾਣ ਸਮੇਂ ਘਟੀਆ ਸਮੱਗਰੀ ਵਰਤੀ ਗਈ, ਜਿਸ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਸੜਕਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਪਿੰਡ ਡਿੰਮਕੂ ਧਲੋਰੀਆਂ ਵਿਖੇ ਡੀਪੀਐਸ ਸਕੂਲ ਦੀ ਪਿਛਲੀ ਸਾਈਡ ਵੱਲ ਬਣਾਈ ਗਈ ਕਰੀਬ ਡੇਢ ਕਿਲੋਮੀਟਰ ਲੰਬੀ ਸੜਕ ਕਈ ਥਾਵਾਂ ਤੋਂ ਉਖੜ ਗਈ ਹੈ ਅਤੇ ਇਸ ਵਿੱਚ ਖੱਡੇ ਪੈ ਗਏ ਹਨ। ਇਸ ਦੇ ਵਿਰੋਧ ਵਿੱਚ ਸਾਬਕਾ ਸਰਪੰਚ ਦੇ ਪਤੀ ਬਹਾਦਰ ਸਿੰਘ ਅਤੇ ਪਿੰਡ ਵਾਸੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੇ ਰੋਸ ਪ੍ਰਗਟਾਇਆ। ਬਹਾਦਰ ਸਿੰਘ ਨੇ ਕਿਹਾ ਕਿ ਸੜਕ ਵਿੱਚ ਨਾ ਤਾਂ ਤਾਰਕੋਲ ਦੀ ਮਾਤਰਾ ਸਹੀ ਰੱਖੀ ਗਈ ਅਤੇ ਨਾ ਹੀ ਨਿਰਧਾਰਤ ਮਾਪਦੰਡਾਂ ਅਨੁਸਾਰ ਮੋਟਾਈ ਰੱਖੀ ਗਈ। ਇਸ ਕਾਰਨ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਪਠਾਨ ਚੱਕ ਤੋਂ ਤਰਗੜ ਨੂੰ ਜਾਂਦੀ ਲਿੰਕ ਸੜਕ ਵੀ ਟੁੱਟਣ ਲੱਗ ਪਈ ਹੈ। ਇਸ ਸਬੰਧੀ ਸਰਪੰਚ ਰੂਪ ਲਾਲ ਅਤੇ ਗੋਤਰਾਂ ਲਾੜੀ ਕੋਠੇ ਦੇ ਵਸਨੀਕ ਰਵੀ ਕੁਮਾਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਦੇ ਦੋਵੇਂ ਪਾਸੇ ਬਰਮ ਵੀ ਨਹੀਂ ਬਣਾਏ ਗਏ। ਜੇਈ ਮਨਦੀਪ ਸਿੰਘ ਵੱਲੋਂ ਬਰਮ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮਾਮਲੇ ਸਬੰਧੀ ਮੰਡੀ ਬੋਰਡ ਦੇ ਐਕਸੀਅਨ ਅਤੇ ਐਸਡੀਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਲਈ ਵਿਭਾਗ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਦੋਵਾਂ ਸੜਕਾਂ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਸੁਣਵਾਈ ਨਾ ਹੋਈ ਤਾਂ ਮੰਡੀ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।