- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਡਮਿੰਟਨ ਟੂਰਨਾਮੈਂਟ ਵਿੱਚ ਰਾਜਵੀਰ ਡੋਗਰਾ ਨੇ ਮਾਰੀ ਬਾਜ਼ੀ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਕੈਂਬਰਿਜ ਓਵਰਸੀਜ਼ ਸਕੂਲ ਵਿਖੇ ਕਰਵਾਏ ਗਏ ਪਦਮ ਨਾਭ ਸਿੰਘ ਯਾਦਗਾਰੀ ਬੈਡਮਿੰਟਨ ਟੂਰਨਾਮੈਂਟ ’ਚ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀ ਅਤੇ ਬੀਐੱਸਏ ਭੰਗਾਲਾ ਦੇ ਬੈਡਮਿੰਟਨ ਖਿਡਾਰੀ ਰਾਜਵੀਰ ਡੋਗਰਾ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-13 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਆਪਣੇ ਨਾਂ ਕੀਤੀ। ਮੁਕਾਬਲੇ ਦੌਰਾਨ ਰਾਜਵੀਰ ਨੇ ਸ਼ੁਰੂ ਤੋਂ ਹੀ ਆਪਣੀ ਖੇਡ ਵਿੱਚ ਦਮਖਮ ਦਿਖਾਇਆ। ਸੈਮੀਫਾਈਨਲ ਮੁਕਾਬਲੇ ਵਿੱਚ ਉਸ ਨੇ ਅਰਸ਼ ਨੂੰ 15-9 ਅਤੇ 15-12 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਉਪਰੰਤ ਫਾਈਨਲ ਮੁਕਾਬਲੇ ਵਿੱਚ ਵੀ ਉਸ ਨੇ ਆਪਣੀ ਸ਼ਾਨਦਾਰ ਖੇਡ ਦਾ ਸਿਲਸਿਲਾ ਜਾਰੀ ਰੱਖਦਿਆਂ ਸਵਾਰਿਤ ਨੂੰ 15-11 ਅਤੇ 15-5 ਨਾਲ ਮਾਤ ਦੇ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸ ਦੋ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਵਿੱਚ ਅੰਡਰ-11, ਅੰਡਰ-13 ਅਤੇ ਅੰਡਰ-15 ਵਰਗਾਂ ਦੇ ਖਿਡਾਰੀਆਂ ਨੇ ਭਾਗ ਲਿਆ। ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨੇ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਸਮਾਪਤੀ ਸਮਾਗਮ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਵੀਰ ਡੋਗਰਾ ਦੀ ਇਸ ਪ੍ਰਾਪਤੀ ਨਾਲ ਉਸ ਦੇ ਸਕੂਲ ਅਤੇ ਖੇਡ ਸੰਸਥਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।