ਸਿਹਤ ਖ਼ਰਾਬ ਹੋਣ ਕਾਰਨ ਸੜਕ 'ਤੇ ਡਿੱਗੀ ਰਜਨੀ, ਬੇਹੋਸ਼ੀ ਦਾ ਫਾਇਦਾ ਉਠਾ ਕੇ ਚੋਰੀ ਕੀਤਾ ਮੋਬਾਈਲ; ਖਾਤੇ ’ਚੋਂ ਉਡਾਏ 4.94 ਲੱਖ ਰੁਪਏ
ਢਾਂਗੂ ਰੋਡ ਪਠਾਨਕੋਟ ਵਾਸੀ ਰਜਨੀ (49) ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 25 ਤਾਰੀਖ਼ ਨੂੰ ਉਹ ਆਪਣੇ ਨਿੱਜੀ ਕੰਮ ਲਈ ਬਾਜ਼ਾਰ ਗਈ ਹੋਈ ਸੀ। ਸ਼ਾਮ ਨੂੰ ਜਦੋਂ ਉਹ ਗਾਂਧੀ ਚੌਕ ਨੇੜੇ ਪੁੱਜੀ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਚੱਕਰ ਆਉਣ ਕਾਰਨ ਉਹ ਸੜਕ ’ਤੇ ਡਿੱਗ ਪਈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਉਸ ਦੀ ਮਦਦ ਕਰਦਿਆਂ ਪਾਣੀ ਪਿਲਾਇਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਇਸ ਦੌਰਾਨ ਉਸ ਦਾ ਮੋਬਾਈਲ ਫੋਨ ਗਾਇਬ ਸੀ।
Publish Date: Mon, 05 Oct 2026 10:43 AM (IST)
Updated Date: Mon, 05 Oct 2026 10:47 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਪਠਾਨਕੋਟ ਦੇ ਗਾਂਧੀ ਚੌਕ ਵਿੱਚ ਤਬੀਅਤ ਵਿਗੜਨ ਕਾਰਨ ਬੇਹੋਸ਼ ਹੋਈ ਔਰਤ ਦਾ ਮੋਬਾਈਲ ਫੋਨ ਚੋਰੀ ਹੋਣ ਤੋਂ ਬਾਅਦ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਬੈਂਕ ਖਾਤੇ ’ਚੋਂ ਯੂਪੀਆਈ ਰਾਹੀਂ ਕਰੀਬ 5 ਲੱਖ ਰੁਪਏ ਕੱਢ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਨੂੰ ਆਪਣੇ ਨਾਲ ਹੋਈ ਇਸ ਵੱਡੀ ਠੱਗੀ ਦਾ ਪਤਾ ਘਟਨਾ ਤੋਂ ਲਗਭਗ ਛੇ ਦਿਨ ਬਾਅਦ ਲੱਗਾ। ਮਾਮਲੇ ਦੀ ਸ਼ਿਕਾਇਤ ਮਿਲਣ ਉਪਰੰਤ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਢਾਂਗੂ ਰੋਡ ਪਠਾਨਕੋਟ ਵਾਸੀ ਰਜਨੀ (49) ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 25 ਤਾਰੀਖ਼ ਨੂੰ ਉਹ ਆਪਣੇ ਨਿੱਜੀ ਕੰਮ ਲਈ ਬਾਜ਼ਾਰ ਗਈ ਹੋਈ ਸੀ। ਸ਼ਾਮ ਨੂੰ ਜਦੋਂ ਉਹ ਗਾਂਧੀ ਚੌਕ ਨੇੜੇ ਪੁੱਜੀ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਚੱਕਰ ਆਉਣ ਕਾਰਨ ਉਹ ਸੜਕ ’ਤੇ ਡਿੱਗ ਪਈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਉਸ ਦੀ ਮਦਦ ਕਰਦਿਆਂ ਪਾਣੀ ਪਿਲਾਇਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਇਸ ਦੌਰਾਨ ਉਸ ਦਾ ਮੋਬਾਈਲ ਫੋਨ ਗਾਇਬ ਸੀ।
ਮੋਬਾਈਲ ਰਾਹੀਂ ਕਈ ਲੈਣ-ਦੇਣ ਕਰਕੇ ਕੱਢੀ ਰਕਮ
ਰਜਨੀ ਅਨੁਸਾਰ ਮੋਬਾਈਲ ਚੋਰੀ ਹੋਣ ਤੋਂ ਬਾਅਦ ਅਣਪਛਾਤੇ ਸਾਈਬਰ ਠੱਗਾਂ ਨੇ ਉਸ ਦੇ ਮੋਬਾਈਲ ਅਤੇ ਯੂਪੀਆਈ ਸਹੂਲਤ ਦੀ ਵਰਤੋਂ ਕਰਦਿਆਂ 27 ਤਾਰੀਖ਼ ਤੋਂ 1 ਤਾਰੀਖ਼ ਤੱਕ ਵੱਖ-ਵੱਖ ਲੈਣ-ਦੇਣ ਰਾਹੀਂ ਉਸ ਦੇ ਬੈਂਕ ਖਾਤੇ ਵਿੱਚੋਂ ਕੁੱਲ 4,94,744 ਰੁਪਏ ਕੱਢ ਲਏ। ਬੈਂਕ ਖਾਤੇ ਵਿੱਚੋਂ ਰਕਮ ਨਿਕਲਣ ਸਬੰਧੀ ਸੁਨੇਹੇ ਮਿਲਣ ਅਤੇ ਬੈਂਕ ਜਾ ਕੇ ਜਾਣਕਾਰੀ ਲੈਣ ਉਪਰੰਤ ਔਰਤ ਨੂੰ ਇਸ ਸਾਈਬਰ ਠੱਗੀ ਦਾ ਪਤਾ ਲੱਗਾ।
ਪੀੜਤਾ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303(2), 318(4) ਅਤੇ ਆਈਪੀਸੀ ਦੀ ਧਾਰਾ 379, 420 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਸਾਈਬਰ ਸੈੱਲ ਦੀ ਮਦਦ ਨਾਲ ਮੋਬਾਈਲ ਦੀ ਵਰਤੋਂ, ਮੁਲਜ਼ਮ ਦੀ ਲੋਕੇਸ਼ਨ ਅਤੇ ਬੈਂਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਜਾਣਕਾਰੀ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।