- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਅਣਦੇਖੀ ਵਿਰੁੱਧ ਪੰਜਾਬ ਦੇ 34 ਹਜ਼ਾਰ ਕੈਮਿਸਟਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ ਦੇ ਕੈਮਿਸਟਾਂ ਨੇ ਸਿਹਤ ਵਿਭਾਗ ਦੀ ਕਥਿਤ ਅਣਦੇਖੀ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਨਾ ਹੋਣ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਸੂਬੇ ਦੇ 34 ਹਜ਼ਾਰ ਕੈਮਿਸਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੁਕਾਨਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਸਮੇਤ ਲਗਭਗ ਛੇ ਲੱਖ ਪਰਿਵਾਰ ਜੁੜਨਗੇ। ਇਹ ਫ਼ੈਸਲਾ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਨਾਲ ਸਬੰਧਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ 23 ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਹੋਈ ਹੰਗਾਮੀ ਆਨਲਾਈਨ ਮੀਟਿੰਗ ਦੌਰਾਨ ਲਿਆ ਗਿਆ।
ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀਐੱਸ ਚਾਵਲਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪਠਾਨਕੋਟ ਇਕਾਈ ਦੇ ਪ੍ਰਧਾਨ ਅਜੈ ਸੂਦ ਅਤੇ ਜਨਰਲ ਸਕੱਤਰ ਦਪਿੰਦਰ ਅਰੋੜਾ ਨੇ ਦੱਸਿਆ ਕਿ ਕੈਮਿਸਟਾਂ ਨੇ ਮਰੀਜ਼ਾਂ ਨੂੰ ਨਿਊਰੋ, ਸਾਈਕੋਟ੍ਰੋਪਿਕ ਅਤੇ ਡਿਪਰੈਸ਼ਨ ਨਾਲ ਸਬੰਧਤ ਦਵਾਈਆਂ ਨਾ ਮਿਲਣ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਸੁਝਾਅ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਫਿਲਹਾਲ ਡਾਕਟਰ ਦੀ ਪਰਚੀ ਅਤੇ ਮਰੀਜ਼ ਦੀ ਪਛਾਣ ਯਕੀਨੀ ਬਣਾਉਣ ਉਪਰੰਤ ਪ੍ਰਿਗਾਬਾਲਿਨ-75 ਐੱਮਜੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਕਈ ਮੀਟਿੰਗਾਂ ਅਤੇ ਭਰੋਸਿਆਂ ਦੇ ਬਾਵਜੂਦ ਪੁਰਾਣੀ ਡਰੱਗ ਨੀਤੀ ਵਿੱਚ ਸੋਧ, ਛੋਟੀਆਂ ਗ਼ਲਤੀਆਂ ਕਾਰਨ ਲਾਇਸੈਂਸ ਮੁਅੱਤਲ ਕਰਨ ਅਤੇ ਦੁਕਾਨਾਂ ਸੀਲ ਕਰਨ ਦੀ ਕਾਰਵਾਈ ਰੋਕਣ, ਗੁਆਂਢੀ ਸੂਬਿਆਂ ਤੋਂ ਆ ਰਹੀਆਂ ਪਾਬੰਦੀਸ਼ੁਦਾ ਦਵਾਈਆਂ, ਓਐੱਨਡੀਐੱਲਐੱਸ ਪ੍ਰਣਾਲੀ, ਫਾਰਮੇਸੀ ਕੌਂਸਲ ਵੱਲੋਂ ਲਾਇਸੈਂਸਾਂ ਦਾ ਨਵੀਨੀਕਰਨ ਅਤੇ ਆਨਲਾਈਨ ਦਵਾਈਆਂ ਦੀ ਵਿਕਰੀ ਵਰਗੇ ਮਸਲੇ ਹੱਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੈਮਿਸਟਾਂ ਦੇ ਕੰਮਕਾਜ ਵਿੱਚ ਪੁਲਿਸ ਦਾ ਦਖ਼ਲ ਵੀ ਬੰਦ ਹੋਣਾ ਚਾਹੀਦਾ ਹੈ। ਮੀਟਿੰਗ ’ਚ ਫ਼ੈਸਲਾ ਕੀਤਾ ਕਿ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਮੰਗ-ਪੱਤਰ ਸੌਂਪ ਕੇ ਕੈਮਿਸਟਾਂ ਦੀਆਂ ਮੰਗਾਂ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾਵੇਗੀ। ਅਗਲੀ ਰਣਨੀਤੀ ਤੈਅ ਕਰਨ ਲਈ 10 ਦਿਨਾਂ ਬਾਅਦ ਸੂਬਾ ਪੱਧਰੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਵਿੱਚ ਅਮਰਦੀਪ ਸਿੰਘ, ਰਾਜੀਵ ਜੈਨ, ਅਜੈ ਬਾਂਸਲ, ਸੰਜੀਵ ਕੁਮਾਰ, ਜੇਐੱਸ ਸੇਠੀ, ਸੰਜੀਵ ਚੌਧਰੀ, ਰਵਿੰਦਰ ਭਾਟੀਆ, ਦਰਸ਼ਨ ਸਚਦੇਵਾ, ਵਿਨੈ ਰਾਵਲ, ਲਵਲੀ ਡਾਬਰ, ਰਾਜੇਸ਼ ਮਹਾਜਨ, ਅਸ਼ੋਕ ਛਾਬੜਾ, ਅਸ਼ੋਕ ਬਾਲੀਆਂਵਾਲੀ, ਦਪਿੰਦਰ ਸਿੰਘ, ਜੇਐੱਸ ਚਾਵਲਾ, ਸਤੀਸ਼ ਕਪੂਰ, ਰਿਸ਼ੂ ਵਰਮਾ, ਸੁਖਬੀਰ ਸਿੰਘ, ਅਸ਼ਵਨੀ ਕੁਮਾਰ, ਸੁਬੋਧ ਕੱਕੜ, ਵਿਕਰਮ ਠਾਕੁਰ, ਬਾਲ ਕ੍ਰਿਸ਼ਨ ਕਟਾਰੀਆ, ਨਰੇਸ਼ ਜਿੰਦਲ, ਰਿਚੀ ਕੁਮਾਰ, ਸੰਜੀਵ ਪੁਰੀ, ਤਰੁਣ ਗਰਗ, ਮਨੋਰੰਜਨ ਕਾਲੀਆ, ਸੰਜੀਵ ਭਾਟੀਆ ਅਤੇ ਪ੍ਰਭਜਿੰਦਰ ਆਨੰਦ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।