- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਰੋਲ ਬਾਲ ਟੀਮ ਦੇ ਸਿਖਲਾਈ ਕੈਂਪ ਲਈ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀ ਸਟੈਨਜ਼ੇਨ ਦੋਰਜੇ ਦੀ ਚੋਣ

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਖੇਡਾਂ ਦੇ ਖੇਤਰ ਵਿੱਚ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀ ਸਟੈਨਜ਼ੇਨ ਦੋਰਜੇ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇੱਕ ਹੋਰ ਮਾਣਮੱਤੀ ਪ੍ਰਾਪਤੀ ਸਕੂਲ ਦੀ ਝੋਲੀ ਪਾਈ ਹੈ। ਸਟੈਨਜ਼ੇਨ ਦੋਰਜੇ ਦੀ ਚੋਣ ਦੂਜੇ ਜੂਨੀਅਰ ਰੋਲ ਬਾਲ ਵਿਸ਼ਵ ਕੱਪ-2026 ਦੀਆਂ ਤਿਆਰੀਆਂ ਲਈ ਭਾਰਤੀ ਟੀਮ ਦੇ ਸਿਖਲਾਈ ਕੈਂਪ ਵਾਸਤੇ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਨਾਲ-ਨਾਲ ਸਮੁੱਚੇ ਪਠਾਨਕੋਟ ਖੇਤਰ ਦਾ ਮਾਣ ਵਧਿਆ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੁਕਾਬਲੇ 6 ਤੋਂ 9 ਦਸੰਬਰ ਤੱਕ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਚੁਣੇ ਗਏ ਖਿਡਾਰੀਆਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ, ਜੋ 4 ਦਸੰਬਰ ਦੀ ਸਵੇਰ ਨੂੰ ਸਮਾਪਤ ਹੋਵੇਗਾ। ਭਾਰਤੀ ਟੀਮ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਸਟੈਨਜ਼ੇਨ ਦੀ ਚੋਣ ਉਸ ਦੀ ਮਿਹਨਤ, ਲਗਨ, ਖੇਡ ਪ੍ਰਤੀ ਸਮਰਪਣ ਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਸਕੂਲ ਦੀ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਵੀ ਸਟੈਨਜ਼ੇਨ ਦੋਰਜੇ, ਉਸ ਦੇ ਮਾਪਿਆਂ ਅਤੇ ਕੋਚਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਟੈਨਜ਼ੇਨ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਤੇ ਸਕੂਲ ਦਾ ਨਾਮ ਰੌਸ਼ਨ ਕਰੇਗਾ।