- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤ ਦਿਨਾਂ ਤੋਂ ਬਿਜਲੀ ਬੰਦ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਬਿਜਲੀ ਘਰ ਵਿਚ 132/33 ਕੇਵੀ ਪਾਵਰ ਟਰਾਂਸਫਾਰਮਰ ਦੇ ਖ਼ਰਾਬ ਹੋਣ ਕਾਰਨ ਧਾਰ ਬਲਾਕ ਦੇ ਛਤਵਾਲ ਅਤੇ ਦੁਨੇਰਾ ਬਿਜਲੀ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਸੱਤ ਦਿਨਾਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋਣ 'ਤੇ ਲੋਕਾਂ ਦਾ ਗੁੱਸਾ ਉਸ ਸਮੇਂ ਫੁੱਟ ਪਿਆ, ਜਦੋਂ ਜੰਡਵਾਲ ਵਿਖੇ ਸੈਂਕੜੇ ਲੋਕਾਂ ਨੇ ਪਠਾਨਕੋਟ-ਡਲਹੌਜ਼ੀ-ਕੁੱਲੂ ਕੌਮੀ ਮਾਰਗ 'ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ।
ਲੋਕ ਹਾਈਵੇ 'ਤੇ ਉਤਰ ਆਏ ਅਤੇ ਰੱਸੀਆਂ ਲਾ ਕੇ ਦੋਵੇਂ ਪਾਸਿਆਂ ਤੋਂ ਆਵਾਜਾਈ ਬੰਦ ਕਰ ਦਿੱਤੀ। ਵੱਡੀ ਗਿਣਤੀ ਵਿਚ ਔਰਤਾਂ ਸੜਕ 'ਤੇ ਬੈਠ ਗਈਆਂ ਅਤੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਰੀਬ ਦੋ ਘੰਟੇ ਚੱਲੇ ਇਸ ਧਰਨੇ ਕਾਰਨ ਹਾਈਵੇ 'ਤੇ ਦੋ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪਠਾਨਕੋਟ ਤੋਂ ਡਲਹੌਜ਼ੀ, ਧਰਮਸ਼ਾਲਾ, ਬੁੰਗਲ ਅਤੇ ਹਰਿਆਲ ਵੱਲ ਜਾਣ ਵਾਲੇ ਕਈ ਵਾਹਨ ਰਸਤੇ ਵਿਚ ਫਸ ਗਏ ਅਤੇ ਕਈ ਲੋਕਾਂ ਨੂੰ ਵਾਪਸ ਮੁੜਨਾ ਪਿਆ।
ਧਰਨਾਕਾਰੀਆਂ ਵਿਚ ਸ਼ਾਮਲ ਰਿਟਾਇਰਡ ਸੀਓ ਸੰਤੋਸ਼ ਰਾਜ, ਰੂਪਿੰਦਰ ਸਿੰਘ ਅਤੇ ਅਮਰਿੰਦਰ ਕੁਮਾਰ ਨੇ ਦੱਸਿਆ ਕਿ ਜੰਡਵਾਲ, ਛਤਵਾਲ, ਹਰਿਆਲ, ਮਾਮੂਨ, ਬੁੰਗਲ, ਡਾਟਾ ਅਤੇ ਬਘਾਰ ਸਮੇਤ ਕਈ ਪਿੰਡਾਂ ਵਿਚ ਪਿਛਲੇ ਸੱਤ ਦਿਨਾਂ ਤੋਂ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਬਿਜਲੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਵੀ ਗੰਭੀਰ ਸਮੱਸਿਆ ਬਣ ਗਈ ਹੈ। ਲੋਕਾਂ ਨੂੰ ਨੇੜੇ ਸਥਿਤ ਪੀਰ ਬਾਬਾ ਵਾਲੀ ਥਾਂ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਮਨੀਸ਼ ਵਰਮਾ, ਸੁਨੀਲ ਕੁਮਾਰ, ਰਮਨ ਕੁਮਾਰ, ਮਨਹੋਰ ਲਾਲ, ਸੰਦੀਪ ਕੁਮਾਰ, ਰਵਿੰਦਰ ਕੁਮਾਰ, ਪਵਨ ਕੁਮਾਰ, ਸਨੇਹਾ ਵਰਮਾ, ਕਿਰਨ ਮਲਹੋਤਰਾ, ਕਿਰਨ ਵਰਮਾ, ਜੋਤੀ ਬਾਲਾ ਅਤੇ ਆਸ਼ਾ ਰਾਣੀ ਨੇ ਦੱਸਿਆ ਕਿ ਕਈ ਪਿੰਡਾਂ ਵਿਚ ਪਿਛਲੇ ਇਕ ਹਫ਼ਤੇ ਤੋਂ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਮਜਬੂਰ ਹੋ ਕੇ ਲੋਕਾਂ ਨੂੰ ਕੌਮੀ ਮਾਰਗ 'ਤੇ ਰੋਸ ਪ੍ਰਦਰਸ਼ਨ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਕੁਝ ਪੰਚਾਇਤਾਂ ਵੱਲੋਂ ਕਿਰਾਏ 'ਤੇ ਜਨਰੇਟਰ ਸੈੱਟ ਲਿਆ ਕੇ ਇਨਵਰਟਰ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਨਾਲ ਵੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ। ਭਿਆਨਕ ਗਰਮੀ ਵਿਚ ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਇਕ ਹਫ਼ਤੇ ਦੌਰਾਨ ਜੰਡਵਾਲ ਪਿੰਡ ਵਿਚ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਕੁਝ ਦੀ ਮੌਤ ਗਰਮੀ ਕਾਰਨ ਹੋਣ ਦੀ ਗੱਲ ਵੀ ਲੋਕਾਂ ਵੱਲੋਂ ਕਹੀ ਗਈ।
ਦੋ ਕਿਲੋਮੀਟਰ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ
ਜੰਡਵਾਲ ਵਿਖੇ ਹਾਈਵੇ ਜਾਮ ਹੋਣ ਕਾਰਨ ਦੋ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਪਠਾਨਕੋਟ ਤੋਂ ਬੁੰਗਲ, ਹਰਿਆਲ, ਡਲਹੌਜ਼ੀ ਅਤੇ ਧਰਮਸ਼ਾਲਾ ਵੱਲ ਜਾਣ ਵਾਲੇ ਵਾਹਨ ਕਾਫ਼ੀ ਸਮੇਂ ਤੱਕ ਜਾਮ ਵਿਚ ਫਸੇ ਰਹੇ। ਹਰਿਆਣਾ ਅਤੇ ਦਿੱਲੀ ਤੋਂ ਡਲਹੌਜ਼ੀ ਜਾ ਰਹੇ ਕੁਝ ਸੈਲਾਨੀਆਂ ਨੇ ਦੱਸਿਆ ਕਿ ਉਹ ਕਰੀਬ ਦੋ ਘੰਟਿਆਂ ਤੋਂ ਜਾਮ ਵਿਚ ਫਸੇ ਹੋਏ ਹਨ। ਮਾਮੂਨ ਕੈਂਟ ਦੀ ਐੱਸਐੱਚਓ ਇੰਸਪੈਕਟਰ ਪ੍ਰੀਤੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੀ, ਪਰ ਲੋਕ ਆਪਣੀ ਮੰਗ 'ਤੇ ਅੜੇ ਰਹੇ। ਆਖ਼ਰਕਾਰ ਲੋਕਾਂ ਨੇ ਜਾਮ ਖੋਲ੍ਹਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਬਿਜਲੀ ਬਹਾਲ ਕਰਨ ਲਈ ਨਵਾਂ ਟਰਾਂਸਫਾਰਮਰ ਲਾਇਆ ਜਾ ਰਿਹਾ : ਐਕਸੀਅਨ
ਪਾਵਰਕਾਮ ਦੇ ਐਕਸੀਅਨ ਗਗਨਦੀਪ ਭਾਸਕਰ ਨੇ ਦੱਸਿਆ ਕਿ ਬਿਜਲੀ ਘਰ ਦਾ 132/33 ਕੇਵੀ ਪਾਵਰ ਟਰਾਂਸਫਾਰਮਰ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਧਾਰ ਬਲਾਕ ਦੇ ਦੁਨੇਰਾ ਅਤੇ ਛਤਵਾਲ ਬਿਜਲੀ ਘਰਾਂ ਦੀ ਸਪਲਾਈ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਧਾਰ ਅਤੇ ਮਨਵਾਲ ਫੀਡਰਾਂ ਰਾਹੀਂ ਕੁਝ-ਕੁਝ ਘੰਟਿਆਂ ਲਈ ਬਿਜਲੀ ਸਪਲਾਈ ਦਿੱਤੀ ਗਈ ਹੈ। ਨਵਾਂ ਟਰਾਂਸਫਾਰਮਰ ਫਿੱਟ ਕਰਕੇ ਉਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।