- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਵਿੱਚ ਆਉਂਦੇ ਹਨ ਸਕਾਰਾਤਮਕ ਬਦਲਾਅ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਤਿਸੰਗ ਆਸ਼ਰਮ, ਪਠਾਨਕੋਟ ਵਿਖੇ ਹਫ਼ਤਾਵਾਰੀ ਅਧਿਆਤਮਿਕ ਸਤਿਸੰਗ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ। ਸਮਾਗਮ ਦੀ ਸ਼ੁਰੂਆਤ ਪ੍ਰਭੂ ਚਰਨਾਂ ਵਿੱਚ ਮੰਗਲ ਵੰਦਨਾ ਨਾਲ ਹੋਈ। ਮਹਾਤਮਾ ਰਮਨ ਤੇ ਗੁਰੂ ਭਾਈ ਹਰਸ਼ ਨੇ ਪ੍ਰਭੂ ਮਹਿਮਾ ਦਾ ਗਾਇਨ ਕਰਦਿਆਂ ਸੰਤਾਂ ਦੀ ਬਾਣੀ ‘ਜੀਵਨ ਬੜਾ ਅਨਮੋਲ ਰੇ ਬੰਦੇ, ਜੀਵਨ ਵਿਅਰਥ ਗੁਆਉਣਾ ਨਹੀਂ’ ਦਾ ਭਾਵਪੂਰਨ ਗਾਇਨ ਕੀਤਾ।
ਇਸ ਮੌਕੇ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਕਾਸਾਨੰਦ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਮਨੁੱਖੀ ਜੀਵਨ ਦੇ ਅਸਲ ਉਦੇਸ਼ ਅਤੇ ਸਤਿਗੁਰੂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਸਿਰਫ਼ ਭੌਤਿਕ ਸੁੱਖ-ਸਹੂਲਤਾਂ ਇਕੱਠੀਆਂ ਕਰਨ ਲਈ ਨਹੀਂ ਮਿਲਿਆ, ਸਗੋਂ ਇਸ ਦਾ ਅਸਲ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਕਰਕੇ ਜੀਵਨ ਨੂੰ ਸਫਲ ਬਣਾਉਣਾ ਹੈ। ਇਹ ਮੰਜ਼ਿਲ ਪੂਰਨ ਸਤਿਗੁਰੂ ਦੀ ਕਿਰਪਾ ਅਤੇ ਬ੍ਰਹਮ ਗਿਆਨ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਵਾਮੀ ਵਿਕਾਸਾਨੰਦ ਨੇ ਕਿਹਾ ਕਿ ਅੱਜ ਦਾ ਮਨੁੱਖ ਸੰਸਾਰਕ ਪ੍ਰਾਪਤੀਆਂ ਦੀ ਦੌੜ ਵਿੱਚ ਆਪਣੇ ਅਸਲ ਸਰੂਪ ਅਤੇ ਜੀਵਨ ਦੇ ਉਦੇਸ਼ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੰਸਾਰ ਦੀ ਹਰ ਵਸਤੂ ਨਾਸ਼ਵਾਨ ਹੈ ਅਤੇ ਇਨ੍ਹਾਂ ਵਿੱਚ ਸਥਾਈ ਸੁੱਖ ਦੀ ਭਾਲ ਕਰਨਾ ਵਿਅਰਥ ਹੈ। ਅਸਲ ਆਨੰਦ ਉਸ ਸਮੇਂ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖ ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਸਾਕਸ਼ਾਤਕਾਰ ਕਰਦਾ ਹੈ। ਸਤਿਗੁਰੂ ਹੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਮਾਰਗ ਦਿਖਾਉਂਦੇ ਹਨ।
ਉਨ੍ਹਾਂ ਕਿਹਾ ਕਿ ਨਿਯਮਿਤ ਸਤਿਸੰਗ, ਸੇਵਾ, ਸਾਧਨਾ ਅਤੇ ਸਦਾਚਾਰ ਨੂੰ ਜੀਵਨ ਦਾ ਹਿੱਸਾ ਬਣਾਉਣ ਨਾਲ ਮਨੁੱਖ ਦੇ ਜੀਵਨ ਵਿੱਚ ਸਾਰਥਕ ਤਬਦੀਲੀ ਆਉਂਦੀ ਹੈ। ਜਦੋਂ ਸਾਧਕ ਗੁਰੂ ਵੱਲੋਂ ਦੱਸੇ ਮਾਰਗ ’ਤੇ ਚੱਲਦਾ ਹੈ ਤਾਂ ਉਸ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਂਦੇ ਹਨ ਅਤੇ ਉਹ ਸਮਾਜ ਤੇ ਰਾਸ਼ਟਰ ਲਈ ਵੀ ਪ੍ਰੇਰਣਾ ਦਾ ਸਰੋਤ ਬਣਦਾ ਹੈ।
ਸਮਾਗਮ ਦੇ ਅੰਤ ਵਿਚ ਵਿਸ਼ਵ ਸ਼ਾਂਤੀ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਹਾਤਮਾ ਯੋਗੇਸ਼, ਨਰਿੰਦਰ ਸਿੰਘ, ਉਦੈ ਠਾਕੁਰ, ਵਿਜੈ ਕੁਮਾਰ, ਰੋਹਿਤ, ਅਮਨ ਭਾਰਦਵਾਜ, ਸੋਮਰਾਜ, ਤਰਸੇਮ ਲਾਲ, ਸੰਜੀਵ ਕੁਮਾਰ, ਚੰਦਰਸ਼ੇਖਰ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਮਾਸਟਰ ਚਰਨਜੀਤ, ਮਾਸਟਰ ਸੁਰਿੰਦਰ, ਨੰਦਲਾਲ, ਸੁਸ਼ੀਲ ਕੁਮਾਰ, ਪਵਨ ਕੁਮਾਰ, ਵਿੱਕੀ, ਮਦਨਲਾਲ, ਚਰਨਜੀਤ, ਆਕਾਸ਼, ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।