ਹਲਕਾ ਭੋਆ ’ਚ ਸੀਮਾ ਭਾਰਤੀ ਸ਼ੇਰਪੁਰ ਦੀ ਸਿਆਸੀ ਸਰਗਰਮੀ ਨੇ ਫੜਿਆ ਜ਼ੋਰ ਹਲਕਾ ਭੋਆ ਵਿੱਚ ਸੀਮਾ ਭਾਰਤੀ ਸ਼ੇਰਪੁਰ ਦੀ ਸਿਆਸੀ ਸਰਗਰਮੀ ਨੇ ਫੜਿਆ ਜ਼ੋਰ
Publish Date: Sun, 29 Nov 2026 04:05 PM (IST)
Updated Date: Sun, 29 Nov 2026 04:07 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਹਲਕਾ ਭੋਆ ਵਿੱਚ ਭਾਜਪਾ ਦੀ ਸਿਆਸੀ ਸਰਗਰਮੀ ਨਾਲ ਜੁੜਿਆ ਸੀਮਾ ਭਾਰਤੀ ਸ਼ੇਰਪੁਰ ਦਾ ਨਾਂ ਵੀ ਚਰਚਾ ਵਿੱਚ ਆ ਰਿਹਾ ਹੈ। ਸਾਬਕਾ ਸਰਪੰਚ ਅਤੇ ਭਾਜਪਾ ਮਹਿਲਾ ਮੋਰਚਾ ਪਠਾਨਕੋਟ ਦੀ ਜ਼ਿਲ੍ਹਾ ਸਕੱਤਰ ਵਜੋਂ ਕੰਮ ਕਰ ਰਹੀ ਸੀਮਾ ਭਾਰਤੀ ਵੱਲੋਂ ਇਲਾਕੇ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੂੰ ਉਨ੍ਹਾਂ ਦੀ ਸਿਆਸੀ ਦਾਅਵੇਦਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀਮਾ ਭਾਰਤੀ ਦਾ ਪਰਿਵਾਰ ਲੰਮੇ ਸਮੇਂ ਤੋਂ ਰਾਸ਼ਟਰਵਾਦੀ ਵਿਚਾਰਧਾਰਾ ਅਤੇ ਸੰਗਠਨ ਨਾਲ ਜੁੜਿਆ ਹੋਇਆ ਹੈ। ਉਹ ਖ਼ੁਦ ਵੀ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਆ ਰਹੇ ਹਨ। ਮਹਿਲਾ ਮੋਰਚਾ ਦੀ ਜ਼ਿਲ੍ਹਾ ਸਕੱਤਰ ਵਜੋਂ ਪਾਰਟੀ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਉਹ ਲੋਕਾਂ ਨਾਲ ਆਪਣਾ ਸੰਪਰਕ ਵੀ ਬਣਾਈ ਰੱਖ ਰਹੇ ਹਨ। ਸੀਮਾ ਭਾਰਤੀ ਸ਼ੇਰਪੁਰ ਪਿੰਡ ਦੀ ਸਰਪੰਚ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੇ ਯਤਨਾਂ ਸਦਕਾ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਪਛਾਣ ਮਿਲੀ। ਪੰਚਾਇਤੀ ਪ੍ਰਬੰਧ ਦਾ ਤਜਰਬਾ ਵੀ ਉਨ੍ਹਾਂ ਦੀ ਸਿਆਸੀ ਸਰਗਰਮੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਹਲਕਾ ਭੋਆ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਭਾਜਪਾ ਵੱਲੋਂ ਉਮੀਦਵਾਰ ਦੀ ਚੋਣ ਸਮੇਂ ਸਥਾਨਕ ਪੱਧਰ ’ਤੇ ਸਰਗਰਮ ਅਤੇ ਲੋਕਾਂ ਨਾਲ ਜੁੜੇ ਆਗੂਆਂ ਦੀ ਭੂਮਿਕਾ ਅਹਿਮ ਰਹਿ ਸਕਦੀ ਹੈ। ਹਾਲਾਂਕਿ ਪਾਰਟੀ ਵੱਲੋਂ ਉਮੀਦਵਾਰੀ ਸਬੰਧੀ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਅਤੇ ਇਸ ਦਾ ਫ਼ੈਸਲਾ ਹਾਈਕਮਾਂਡ ਵੱਲੋਂ ਹੀ ਕੀਤਾ ਜਾਣਾ ਹੈ। ਫਿਰ ਵੀ ਸੀਮਾ ਭਾਰਤੀ ਸ਼ੇਰਪੁਰ ਦੀ ਵਧ ਰਹੀ ਸਿਆਸੀ ਸਰਗਰਮੀ ਨੇ ਹਲਕਾ ਭੋਆ ਦੇ ਸਿਆਸੀ ਮਾਹੌਲ ਵਿੱਚ ਚਰਚਾ ਛੇੜ ਦਿੱਤੀ ਹੈ।