ਸਨੈਚਿੰਗ ਦੀਆਂ ਘਟਨਾਵਾਂ ਮਗਰੋਂ ਪੁਲਿਸ ਹੋਈ ਚੌਕਸ ਸਨੈਚਿੰਗ ਦੀਆਂ ਘਟਨਾਵਾਂ ਮਗਰੋਂ ਪੁਲਿਸ ਹੋਈ ਚੌਕਸ
Publish Date: Mon, 31 Aug 2026 07:03 PM (IST)
Updated Date: Mon, 31 Aug 2026 07:07 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਵਿੱਚ ਸਨੈਚਿੰਗ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪਠਾਨਕੋਟ ਪੁਲਿਸ ਵੱਲੋਂ ਰਾਤ ਸਮੇਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਚਿਲਡ੍ਰਨਜ਼ ਪਾਰਕ ਸਮੇਤ ਵੱਖ-ਵੱਖ ਥਾਵਾਂ ਤੇ ਵਾਪਰੀਆਂ ਸਨੈਚਿੰਗ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਦੇ ਅਹਿਮ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ ਤੇ ਦੇਰ ਰਾਤ ਤੱਕ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਐੱਸਐੱਸਪੀ ਆਦਿੱਤਿਆ ਵੱਲੋਂ ਦੇਰ ਰਾਤ ਮਾਧੋਪੁਰ ਵਿਖੇ ਬਣੇ ਅੰਤਰਰਾਜੀ ਪੁਲਿਸ ਨਾਕੇ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਨਾਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੀ ਜਾਂਚ ਕਰਨ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਦੀ ਹੱਦ ਵਿੱਚ ਦਾਖ਼ਲ ਹੋਣ ਵਾਲੇ ਅਤੇ ਬਾਹਰ ਜਾਣ ਵਾਲੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜਾਂਚ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਉਧਰ, ਈਆਰਵੀ-112 ਦੀ ਟੀਮ ਵੱਲੋਂ ਮਿਸ਼ਨ ਰੋਡ ਤੇ ਦੇਰ ਰਾਤ ਵਿਸ਼ੇਸ਼ ਨਾਕਾ ਲਗਾ ਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਖ਼ਾਸ ਤੌਰ ਤੇ ਬਿਨਾਂ ਨੰਬਰ ਪਲੇਟ ਵਾਲੇ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਹਨ ਚਾਲਕਾਂ ਦੇ ਲੋੜੀਂਦੇ ਦਸਤਾਵੇਜ਼ ਵੀ ਚੈੱਕ ਕੀਤੇ ਜਾ ਰਹੇ ਹਨ। ਐੱਸਐੱਸਪੀ ਆਦਿੱਤਿਆ ਨੇ ਨਾਕਿਆਂ ਤੇ ਤਾਇਨਾਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਡਿਊਟੀ ਨਿਭਾਉਣ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਧੇਰੇ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਉੱਚ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਉਨ੍ਹਾਂ ਨਾਕਿਆਂ ਦੀ ਸੁਰੱਖਿਆ ਵਿਵਸਥਾ ਦੀ ਸਮੇਂ-ਸਮੇਂ ਤੇ ਸਮੀਖਿਆ ਕਰਨ ਲਈ ਵੀ ਕਿਹਾ। ਈਆਰਵੀ-112 ਟੀਮ ਵਿੱਚ ਤਾਇਨਾਤ ਏਐੱਸਆਈ ਕੁਲਵੰਤ ਰਾਜ ਅਤੇ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਯਮਿਤ ਤੌਰ ਤੇ ਰਾਤ ਸਮੇਂ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਚੋਰੀ, ਸਨੈਚਿੰਗ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ਤੇ ਕਾਬੂ ਪਾਉਣਾ ਹੈ। ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਤੇ ਨੰਬਰ ਪਲੇਟ ਲਾਜ਼ਮੀ ਤੌਰ ਤੇ ਲਗਾਉਣ ਅਤੇ ਵਾਹਨ ਦੇ ਸਾਰੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣ।