ਰੰਧਾਵਾ ਮੈਰੀਟੋਰੀਅਸ ਸਕੂਲ ’ਚ ਖੇਡਾਂ ਤੇ ਸੱਭਿਆਚਾਰਕ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦਿਖਾਈ ਪ੍ਰਤਿਭਾ ਰੰਧਾਵਾ ਮੈਰੀਟੋਰੀਅਸ ਸਕੂਲ ਵਿਖੇ ਖੇਡਾਂ ਤੇ ਸੱਭਿਆਚਾਰਕ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦਿਖਾਈ ਪ੍ਰਤਿਭਾ
Publish Date: Sat, 31 Oct 2026 04:05 PM (IST)
Updated Date: Sat, 31 Oct 2026 04:08 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ : ਰੰਧਾਵਾ ਮੈਰੀਟੋਰੀਅਸ ਸਕੂਲ ਜਸਵਾਲੀ ਵਿਖੇ ਵਿਦਿਆਰਥੀਆਂ ਦੀ ਖੇਡ ਅਤੇ ਸੱਭਿਆਚਾਰਕ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਡਾ. ਕੇਐੱਸ ਰੰਧਾਵਾ ਅਤੇ ਪ੍ਰਿੰਸੀਪਲ ਪ੍ਰੀਤੀ ਸੈਣੀ ਕਪੂਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕ੍ਰਿਕਟ, ਖੋ-ਖੋ ਸਮੇਤ ਹੋਰ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਬੱਚਿਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਮੁਕਾਬਲਿਆਂ ਵਿੱਚ ਡੀਆਈਪੀਐੱਸ ਸਕੂਲ, ਸਰਕਾਰੀ ਹਾਈ ਸਕੂਲ ਬਾਰਠ ਸਾਹਿਬ, ਗ੍ਰੀਨਲੈਂਡ ਸਕੂਲ, ਐੱਸਡੀ ਸਕੂਲ ਅਤੇ ਰਹੇਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਨਤੀਜਿਆਂ ਅਨੁਸਾਰ ਅੰਡਰ-14 ਕ੍ਰਿਕਟ ਵਿੱਚ ਐੱਸਡੀ ਕ੍ਰਿਕਟ ਕੋਚਿੰਗ ਨੇ ਪਹਿਲਾ ਅਤੇ ਰੰਧਾਵਾ ਕ੍ਰਿਕਟ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਵਿੱਚ ਡੀਆਈਪੀਐੱਸ ਸਕੂਲ ਅਤੇ ਅੰਡਰ-17 ਲੜਕਿਆਂ ਦੇ ਖੋ-ਖੋ ਮੁਕਾਬਲੇ ਵਿੱਚ ਰਹੇਨਾ ਇੰਟਰਨੈਸ਼ਨਲ ਸਕੂਲ ਦੀ ਟੀਮ ਜੇਤੂ ਰਹੀ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ, ਐੱਸਪੀ ਵਿਸ਼ਾਲਜੀਤ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ, ਭਾਨੂ ਪ੍ਰਤਾਪ, ਜਗੀਰ ਸਿੰਘ ਜਸਵਾਲੀ, ਸਰਪੰਚ ਦਲਵੀਰ ਸਿੰਘ ਜਸਵਾਲੀ, ਦਲੀਪ ਕੁਮਾਰ ਰਾਜਾ (ਕੋਟਲੀ ਫਾਰਮ), ਡਾ. ਸੋਨੀ ਸਰਪੰਚ ਕੋਟਲੀ ਮੁਗਲਾਂ, ਰਜੀਵ ਕੁਮਾਰ (ਲਾਡੀ ਵਾਵਿਆਂ) ਸਮੇਤ ਇਲਾਕੇ ਦੇ ਸਰਪੰਚ ਅਤੇ ਸਮਾਜ ਸੇਵੀ ਹਾਜ਼ਰ ਸਨ। ਇਸ ਮੌਕੇ ਪੀਟੀਆਈ ਅਮਨਦੀਪ ਸਿੰਘ ਸਮੇਤ ਹੋਰ ਕੋਚਾਂ ਅਤੇ ਅਧਿਆਪਕਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ। ਇਨ੍ਹਾਂ ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਹੁੰਦੀ ਹੈ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।