ਸਿਹਤ ਸੇਵਾਵਾਂ ਦੇ ਵਿਸਥਾਰ ਨਾਲ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੇਗਾ ਲਾਭ : ਨਾਇਬ ਸਿੰਘ ਸੈਣੀ ਸਿਹਤ ਸੇਵਾਵਾਂ ਦੇ ਵਿਸਥਾਰ ਨਾਲ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੇਗਾ ਲਾਭ : ਨਾਇਬ ਸਿੰਘ ਸੈਣੀ
Publish Date: Sat, 14 Nov 2026 06:39 PM (IST)
Updated Date: Sun, 15 Nov 2026 04:03 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮਾਜ ਸੇਵਾ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡਿਫੈਂਸ ਕਾਲੋਨੀ ਛਤਵਾਲ ਵਿਖੇ ਭਾਰਤ ਵਿਕਾਸ ਪਰਿਸ਼ਦ ਦੇ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕੇਂਦਰ ਦੇ ਵਿਸਥਾਰ ਲਈ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦਾ ਲਾਭ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਮਿਲੇਗਾ। ਪਠਾਨਕੋਟ ਪਹੁੰਚਣ ’ਤੇ ਭਾਰਤ ਵਿਕਾਸ ਪਰਿਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਉੱਤਰ ਖੇਤਰ ਦੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਜਨਰਲ ਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ ਅਤੇ ਖੇਤਰੀ ਸਰਪ੍ਰਸਤ ਸਵਿੰਦਰ ਸਿੰਘ ਗਿੱਲ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਉਪਰੰਤ ਮੁੱਖ ਮੰਤਰੀ ਨੇ ਪੂਜਾ-ਅਰਚਨਾ ਅਤੇ ਮੰਤਰਾਂ ਦੇ ਉਚਾਰਨ ਦੌਰਾਨ ਨਵੇਂ ਭਵਨ ਦਾ ਉਦਘਾਟਨ ਕੀਤਾ ਅਤੇ ਕੇਂਦਰ ਵਿੱਚ ਚੱਲ ਰਹੀਆਂ ਫਿਜ਼ੀਓਥੈਰੇਪੀ, ਆਈ ਕੇਅਰ, ਕਲੀਨਿਕ, ਡੈਂਟਲ ਕਲੀਨਿਕ, ਕਲੀਨਿਕਲ ਲੈਬ ਅਤੇ ਨਿਊਰੋਥੈਰੇਪੀ ਸੈਂਟਰ ਸਮੇਤ ਵੱਖ-ਵੱਖ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਖੇਤਰੀ ਦਫ਼ਤਰ ਅਤੇ ਆਰੋਗਿਆ ਕੇਂਦਰ ਇਲਾਕਾ ਨਿਵਾਸੀਆਂ ਅਤੇ ਪਰਿਸ਼ਦ ਦੇ ਕਾਰਕੁਨਾਂ ਦੇ ਸਾਂਝੇ ਯਤਨਾਂ ਤੇ ਸਹਿਯੋਗ ਦਾ ਨਤੀਜਾ ਹੈ। ਇਸ ਦਫ਼ਤਰ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਅਤੇ ਕਾਰਜਾਂ ਨੂੰ ਗਤੀ ਮਿਲੇਗੀ। ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਨੇ ਕਿਹਾ ਕਿ ਪਰਿਸ਼ਦ ਦਾ ਉਦੇਸ਼ ਦੇਸ਼ ਭਰ ਵਿੱਚ ਲਗਭਗ 100 ਆਰੋਗਿਆ ਕੇਂਦਰ ਸਥਾਪਤ ਕਰਨਾ ਹੈ। ਭਵਿੱਖ ਵਿੱਚ ਇਸ ਕੇਂਦਰ ਵਿਖੇ ਡਾਇਲਸਿਸ ਸੈਂਟਰ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਤਿੰਨ ਸੂਬਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਸ਼ਦ ਦੇ ਕਾਰਕੁਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਦੇ ਪੰਜ ਸੂਤਰਾਂ ’ਤੇ ਕੰਮ ਕਰ ਰਹੀ ਭਾਰਤ ਵਿਕਾਸ ਪਰਿਸ਼ਦ ਸਿਹਤਮੰਦ, ਸਮਰੱਥ ਅਤੇ ਸੰਸਕਾਰਵਾਨ ਭਾਰਤ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਭਾਰਤ ਕੋ ਜਾਣੋ , ਰਾਸ਼ਟਰੀ ਸਮੂਹ ਗਾਨ ਮੁਕਾਬਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਅਤੇ ਗੁਰੂ ਵੰਦਨ-ਵਿਦਿਆਰਥੀ ਅਭਿਨੰਦਨ ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵਾਤਾਵਰਨ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਅਤੇ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਰੇਖਾ ਦੇਵੀ ਨੂੰ ਸਿਲਾਈ ਮਸ਼ੀਨ ਵੀ ਭੇਟ ਕੀਤੀ ਗਈ। ਇਸ ਮੌਕੇ ਤੇ ਵਿਕਾਸ ਪਰਿਸ਼ਦ ਦੇ ਮੈਂਬਰ, ਭਾਜਪਾ ਆਗੂ, ਵਰਕਰ ਅਤੇ ਹੋਰ ਵੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।