- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਨੀਕੀ ਖ਼ਰਾਬੀ ਕਾਰਨ ਪਠਾਨਕੋਟ-ਅੰਮ੍ਰਿਤਸਰ ਪੈਸੰਜਰ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਠਾਨਕੋਟ ਤੋਂ ਅੰਮ੍ਰਿਤਸਰ ਵਿਚਕਾਰ ਸਫ਼ਰ ਕਰਨ ਵਾਲੇ ਰੋਜ਼ਾਨਾ ਯਾਤਰੀਆਂ ਲਈ ਮਹੱਤਵਪੂਰਨ ਮੰਨੀ ਜਾਂਦੀ ਪੈਸੰਜਰ ਰੇਲਗੱਡੀ ਸ਼ੁੱਕਰਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 1 ਘੰਟਾ 20 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਰੇਲਗੱਡੀ ਦੇ ਇੰਜਣ ਅਤੇ ਸ਼ੰਟਿੰਗ ਪ੍ਰਕਿਰਿਆ ਵਿਚ ਆਈ ਦਿੱਕਤ ਕਾਰਨ ਯਾਤਰੀਆਂ ਨੂੰ ਸਟੇਸ਼ਨ ’ਤੇ ਲੰਮਾ ਸਮਾਂ ਉਡੀਕ ਕਰਨੀ ਪਈ। ਇਸ ਕਾਰਨ ਕਈ ਯਾਤਰੀਆਂ ਦੇ ਜ਼ਰੂਰੀ ਕੰਮ, ਨੌਕਰੀਆਂ ਅਤੇ ਇੰਟਰਵਿਊ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ। ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ 14653/14654 ਦਾ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਦਾ ਨਿਰਧਾਰਿਤ ਸਮਾਂ ਸਵੇਰੇ 7:20 ਵਜੇ ਹੈ। ਸ਼ੁੱਕਰਵਾਰ ਨੂੰ ਇਹ ਰੇਲ ਗੱਡੀ ਕਰੀਬ 7:28 ਵਜੇ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਪਹੁੰਚੀ ਅਤੇ 7:55 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਣੀ ਸੀ, ਪਰ ਤਕਨੀਕੀ ਦਿੱਕਤ ਕਾਰਨ ਇਸ ਨੂੰ ਭੜੌਲੀ ਰੇਲਵੇ ਸਟੇਸ਼ਨ ਦੇ ਆਊਟਰ ਤੋਂ ਵਾਪਸ ਪਠਾਨਕੋਟ ਸਿਟੀ ਲਿਆਉਣਾ ਪਿਆ। ਇਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਵੱਲੋਂ ਇੰਜਣ ਬਦਲਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਰੇਲ ਗੱਡੀ ਸਵੇਰੇ ਕਰੀਬ 8:40 ਵਜੇ ਅੰਮ੍ਰਿਤਸਰ ਲਈ ਰਵਾਨਾ ਹੋ ਸਕੀ। ਅੱਗੇ ਭਰੌਲੀ ਵਿਖੇ ਕਰਾਸਿੰਗ ਕਾਰਨ ਇਸ ਨੂੰ ਕਰੀਬ 10 ਮਿੰਟ ਹੋਰ ਰੁਕਣਾ ਪਿਆ। ਰੇਲਗੱਡੀ ਵਿਚ ਸਫ਼ਰ ਕਰ ਰਹੇ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ 12:30 ਵਜੇ ਅੰਮ੍ਰਿਤਸਰ ਵਿਖੇ ਇੰਟਰਵਿਊ ਦੇਣ ਲਈ ਪਹੁੰਚਣਾ ਸੀ, ਪਰ ਰੇਲ ਗੱਡੀ ਦੀ ਦੇਰੀ ਕਾਰਨ ਉਨ੍ਹਾਂ ਨੂੰ ਇੰਟਰਵਿਊ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੇ ਸੁਭਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਪਹਿਰ 12 ਵਜੇ ਡਿਊਟੀ ਸੀ, ਪਰ ਰੇਲ ਗੱਡੀ ਦੇ ਦੇਰੀ ਨਾਲ ਚੱਲਣ ਕਾਰਨ ਉਨ੍ਹਾਂ ਦਾ ਸਾਰਾ ਸਮਾਂ-ਸਾਰਣੀ ਵਿਗੜ ਗਈ।
ਯਾਤਰੀ ਰਾਹੁਲ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਤੋਂ ਹੀ ਜ਼ਰੂਰੀ ਕੰਮ ਲਈ ਅੰਮ੍ਰਿਤਸਰ ਜਾਣ ਵਾਸਤੇ ਸਟੇਸ਼ਨ ’ਤੇ ਉਡੀਕ ਕਰ ਰਹੇ ਸਨ, ਪਰ ਰੇਲਗੱਡੀ ਪਹੁੰਚਣ ਦੇ ਬਾਵਜੂਦ ਉਨ੍ਹਾਂ ਨੂੰ ਲਗਭਗ 8:40 ਵਜੇ ਤੱਕ ਇੰਤਜ਼ਾਰ ਕਰਨਾ ਪਿਆ। ਉਧਰ ਯਾਤਰੀ ਮੋਹਨ ਲਾਲ ਨੇ ਰੇਲਵੇ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇੰਜਣ ਬਦਲਣਾ ਹੀ ਸੀ ਤਾਂ ਇਹ ਕੰਮ ਪਠਾਨਕੋਟ ਸਿਟੀ ਸਟੇਸ਼ਨ ’ਤੇ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਭਰੌਲੀ ਦੇ ਆਊਟਰ ਤੱਕ ਲਿਜਾ ਕੇ ਮੁੜ ਵਾਪਸ ਲਿਆਉਣ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ। ਉਨ੍ਹਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਯਾਤਰੀ ਸਚਿਨ ਨੇ ਕਿਹਾ ਕਿ ਪਠਾਨਕੋਟ-ਅੰਮ੍ਰਿਤਸਰ ਪੈਸੰਜਰ ਰੇਲਗੱਡੀ ਆਮ ਲੋਕਾਂ ਲਈ ਜੀਵਨ ਰੇਖਾ ਵਾਂਗ ਹੈ, ਪਰ ਇਸ ਦੇ ਵਾਰ-ਵਾਰ ਦੇਰੀ ਨਾਲ ਚੱਲਣ ਕਾਰਨ ਲੋਕਾਂ ਦਾ ਰੇਲਵੇ ਪ੍ਰਤੀ ਭਰੋਸਾ ਘੱਟ ਰਿਹਾ ਹੈ। ਇਸ ਦਾ ਲਾਭ ਨਿੱਜੀ ਬੱਸ ਆਪ੍ਰੇਟਰਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਰੇਲਵੇ ਵਿਭਾਗ ਤੋਂ ਸਮੇਂ ਸਿਰ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ। ਇਸ ਸਬੰਧੀ ਮੌਕੇ ’ਤੇ ਤਾਇਨਾਤ ਡਿਪਟੀ ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਰੇਲਗੱਡੀ ਵਿਚ ਇਕ ਹੀ ਬ੍ਰੇਕ ਹੋਣ ਕਾਰਨ ਤਕਨੀਕੀ ਦਿੱਕਤ ਆਈ, ਜਿਸ ਕਾਰਨ ਸ਼ੰਟਿੰਗ ਦੀ ਪ੍ਰਕਿਰਿਆ ਵਿਚ ਵਧੇਰੇ ਸਮਾਂ ਲੱਗਿਆ ਅਤੇ ਰੇਲਗੱਡੀ ਦੇਰੀ ਨਾਲ ਰਵਾਨਾ ਹੋਈ।