- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਜ਼ੁਰਗ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਗੂਗਲ ਪੇ ਰਾਹੀਂ ਵੱਡੀ ਰਕਮ ਪਾਕਿਸਤਾਨੀ ਮੁਹੱਲਾ (ਮਾਮੂਨ) ਵਾਸੀ ਪ੍ਰਵੀਣ ਕੁਮਾਰ ਅਤੇ ਸੁਸ਼ੀਲ ਕੁਮਾਰ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ। ਇਸ ਆਧਾਰ 'ਤੇ ਸੁਜਾਨਪੁਰ ਥਾਣਾ ਪੁਲਿਸ ਨੇ 4 ਅਗਸਤ 2026 ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਕਰਨਾਟਕ ਦੇ ਮੈਸੁਰੂ ਦੇ ਰਹਿਣ ਵਾਲੇ 68 ਸਾਲਾ ਬਜ਼ੁਰਗ ਦੀ ਰਹੱਸਮਈ ਗੁੰਮਸ਼ੁਦਗੀ ਅਤੇ ਉਸ ਦੇ ਬੈਂਕ ਖਾਤਿਆਂ ਵਿਚੋਂ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਮਾਮਲੇ ਵਿੱਚ ਸੁਜਾਨਪੁਰ ਪੁਲਿਸ ਨੇ ਅਹਿਮ ਸਫਲਤਾ ਹਾਸਲ ਕਰਦਿਆਂ ਪਾਕਿਸਤਾਨੀ ਮੁਹੱਲਾ (ਮਾਮੂਨ) ਵਾਸੀ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਗੁੰਮ ਹੋਏ ਬਜ਼ੁਰਗ ਦਾ ਸੁਰਾਗ ਲਗਾਉਣ ਲਈ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਪੁਲਿਸ ਅਨੁਸਾਰ ਮੈਸੁਰੂ (ਕਰਨਾਟਕ) ਦੇ ਵਸਨੀਕ ਗਣੇਸ਼ ਬੀ ਐਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ 68 ਸਾਲਾਂ ਪਿਤਾ ਲਕਸ਼ਮਣ ਐਮ. 18 ਜੁਲਾਈ 2026 ਨੂੰ ਮਸ਼ੀਨਰੀ ਖਰੀਦਣ ਲਈ ਅੰਮ੍ਰਿਤਸਰ ਆਏ ਸਨ। 19 ਜੁਲਾਈ ਦੀ ਸ਼ਾਮ ਤੱਕ ਪਰਿਵਾਰ ਦੀ ਉਨ੍ਹਾਂ ਨਾਲ ਗੱਲਬਾਤ ਹੋਈ, ਪਰ ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਉਹ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਏ।
ਪਰਿਵਾਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਜ਼ੁਰਗ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਗੂਗਲ ਪੇ ਰਾਹੀਂ ਵੱਡੀ ਰਕਮ ਪਾਕਿਸਤਾਨੀ ਮੁਹੱਲਾ (ਮਾਮੂਨ) ਵਾਸੀ ਪ੍ਰਵੀਣ ਕੁਮਾਰ ਅਤੇ ਸੁਸ਼ੀਲ ਕੁਮਾਰ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ। ਇਸ ਆਧਾਰ 'ਤੇ ਸੁਜਾਨਪੁਰ ਥਾਣਾ ਪੁਲਿਸ ਨੇ 4 ਅਗਸਤ 2026 ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਜਾਂਚ ਦੀ ਕਮਾਨ ਐੱਸਆਈ ਨਰੇਸ਼ ਕੁਮਾਰ, ਪੀਐੱਚਸੀ ਰਿਤਿਕ ਅਤੇ ਪੀਐੱਚਸੀ ਅਸ਼ਵਨੀ ਕੁਮਾਰ ਦੀ ਟੀਮ ਨੂੰ ਸੌਂਪੀ ਗਈ। ਪੁਲਿਸ ਜਦੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨ ਪਹੁੰਚੀ ਤਾਂ ਪਤਾ ਲੱਗਾ ਕਿ ਸਹਿ-ਦੋਸ਼ੀ ਸੁਸ਼ੀਲ ਕੁਮਾਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁੱਖ ਦੋਸ਼ੀ ਪ੍ਰਵੀਣ ਕੁਮਾਰ ਅਤੇ ਉਸ ਦੇ ਭਰਾ ਸੁਨੀਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਦੇ ਮੁੱਢਲੇ ਤੌਰ 'ਤੇ ਕੀਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਬਜ਼ੁਰਗ ਨੂੰ ਕਾਰ ਵਿੱਚ ਬਿਠਾ ਕੇ ਲਿਜਾਇਆ ਗਿਆ, ਜਿੱਥੇ ਉਸ ਨੂੰ ਸ਼ਰਾਬ ਪਿਲਾਈ ਗਈ। ਜਦੋਂ ਉਹ ਨਸ਼ੇ ਦੀ ਹਾਲਤ ਵਿੱਚ ਹੋ ਗਿਆ ਤਾਂ ਕਥਿਤ ਤੌਰ 'ਤੇ ਉਸ ਦੇ ਮੋਬਾਈਲ ਫ਼ੋਨ ਦੇ ਗੂਗਲ ਪੇ ਦੀ ਵਰਤੋਂ ਕਰਕੇ ਲੱਖਾਂ ਰੁਪਏ ਟਰਾਂਸਫਰ ਕਰ ਲਏ ਗਏ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰਕਮ ਦਾ ਕੁਝ ਹਿੱਸਾ ਮ੍ਰਿਤਕ ਸੁਸ਼ੀਲ ਕੁਮਾਰ ਦੇ ਬੈਂਕ ਖਾਤੇ ਵਿੱਚ ਵੀ ਭੇਜਿਆ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਲਾਪਤਾ ਲਕਸ਼ਮਣ ਐਮ. ਦਾ ਪਤਾ ਲਗਾਇਆ ਜਾ ਸਕੇ ਅਤੇ ਠੱਗੀ ਕੀਤੀ ਗਈ ਪੂਰੀ ਰਕਮ ਦੀ ਬਰਾਮਦਗੀ ਹੋ ਸਕੇ। ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।