- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਬੀਤੀ ਰਾਤ ਤੋਂ ਪੈ ਰਹੀ ਮੋਹਲੇਧਾਰ ਬਾਰਿਸ਼ ਕਾਰਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਾਮਿਆਲ ਸੈਕਟਰ ’ਚ ਇਕ ਵਾਰ ਮੁੜ ਹੜ੍ਹ ਵਰਗੀ ਸਥਿਤੀ ਬਣ ਗਈ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਬਾਮਿਆਲ/ਪਠਾਨਕੋਟ : ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਬੀਤੀ ਰਾਤ ਤੋਂ ਪੈ ਰਹੀ ਮੋਹਲੇਧਾਰ ਬਾਰਿਸ਼ ਕਾਰਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਾਮਿਆਲ ਸੈਕਟਰ ’ਚ ਇਕ ਵਾਰ ਮੁੜ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪਹਾੜੀ ਖੇਤਰਾਂ ਤੋਂ ਆ ਰਹੇ ਪਾਣੀ ਕਾਰਨ ਜਲਾਲੀਆ ਅਤੇ ਉੱਝ ਦਰਿਆ ਤੇਜ਼ ਰਫ਼ਤਾਰ ਨਾਲ ਵਹਿ ਰਹੇ ਹਨ। ਜਲਾਲੀਆ ਦਰਿਆ ਦਾ ਪਾਣੀ ਬਾਮਿਆਲ ਦੀ ਮੁੱਖ ਸੜਕ ਉੱਪਰੋਂ ਵਹਿਣ ਲੱਗ ਪਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ’ਚ ਹੋਈ ਭਾਰੀ ਬਾਰਿਸ਼ ਦਾ ਸਿੱਧਾ ਅਸਰ ਬਾਮਿਆਲ ਸੈਕਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਜਲਾਲੀਆ ਦਰਿਆ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਮੁੱਖ ਸੜਕ ਦੇ ਕਈ ਹਿੱਸੇ ਪਾਣੀ ਦੀ ਲਪੇਟ ’ਚ ਆ ਗਏ ਹਨ। ਸੜਕ ’ਤੇ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਆਉਣ-ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡਾਂ ਦਾ ਸੰਪਰਕ ਟੁੱਟਣ ਦਾ ਖ਼ਤਰਾ
ਜਲਾਲੀਆ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਸਰਹੱਦੀ ਪਿੰਡਾਂ ’ਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜੇਕਰ ਪਹਾੜੀ ਖੇਤਰਾਂ ’ਚ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ ਤਾਂ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਅਤੇ ਪਿੰਡਾਂ ਦਾ ਮੁੱਖ ਮਾਰਗ ਨਾਲ ਸੰਪਰਕ ਪ੍ਰਭਾਵਿਤ ਹੋ ਸਕਦਾ ਹੈ।
ਉੱਝ ਦਰਿਆ ਦੇ ਵਧਦੇ ਪਾਣੀ ਨੇ ਕਿਸਾਨਾਂ ਦੀ ਚਿੰਤਾ ਵਧਾਈ
ਉੱਝ ਦਰਿਆ ’ਚ ਵੀ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਦਰਿਆ ਦੇ ਨਾਲ ਲੱਗਦੇ ਖੇਤਰਾਂ ’ਚ ਰਹਿਣ ਵਾਲੇ ਕਿਸਾਨਾਂ ਨੂੰ ਆਪਣੀਆਂ ਝੋਨੇ ਸਮੇਤ ਹੋਰ ਫ਼ਸਲਾਂ ਦੀ ਚਿੰਤਾ ਸਤਾਉਣ ਲੱਗੀ ਹੈ। ਖੇਤਾਂ ’ਚ ਪਾਣੀ ਦਾਖ਼ਲ ਹੋਣ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਮਕੌੜਾ ਪੱਤਣ ’ਤੇ ਰਾਵੀ ’ਚ ਮਿਲਦਾ ਹੈ ਪਾਣੀ
ਦੱਸਣਯੋਗ ਹੈ ਕਿ ਜਲਾਲੀਆ ਅਤੇ ਉੱਝ ਦਰਿਆ ਅੱਗੇ ਜਾ ਕੇ ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਚ ਮਿਲਦੇ ਹਨ। ਦੋਵਾਂ ਦਰਿਆਵਾਂ ’ਚ ਪਾਣੀ ਦੀ ਭਾਰੀ ਆਮਦ ਕਾਰਨ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੀ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਰਾਵੀ ਦੇ ਹੇਠਲੇ ਅਤੇ ਤਟਵਰਤੀ ਇਲਾਕਿਆਂ ’ਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦਾ ਖ਼ਦਸ਼ਾ ਵਧ ਗਿਆ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਉਫਾਨ ’ਤੇ ਵਹਿ ਰਹੇ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।