- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਭਾਰੀ ਵਰਖਾ ਕਾਰਨ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਆਮਦ ਤੇਜ਼ ਹੋ ਗਈ ਹੈ। ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿੱਚ ਮੌਨਸੂਨੀ ਨਮੀ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਘਟਣ ਨਾਲ ਡੈਮ ਪ੍ਰਸ਼ਾਸਨ ਨੇ ਜਲ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਉਤਪਾਦਨ ਵਿੱਚ ਕਟੌਤੀ ਕਰ ਦਿੱਤੀ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਭਾਰੀ ਵਰਖਾ ਕਾਰਨ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਆਮਦ ਤੇਜ਼ ਹੋ ਗਈ ਹੈ। ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿੱਚ ਮੌਨਸੂਨੀ ਨਮੀ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਘਟਣ ਨਾਲ ਡੈਮ ਪ੍ਰਸ਼ਾਸਨ ਨੇ ਜਲ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਉਤਪਾਦਨ ਵਿੱਚ ਕਟੌਤੀ ਕਰ ਦਿੱਤੀ ਹੈ।
ਡੈਮ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਪੰਜ ਦਿਨਾਂ ਵਿੱਚ ਰਣਜੀਤ ਸਾਗਰ ਝੀਲ ਦੇ ਜਲ ਪੱਧਰ ਵਿੱਚ ਕਰੀਬ ਇੱਕ ਮੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਵੱਧ ਕੇ 511.25 ਮੀਟਰ ਤੱਕ ਪਹੁੰਚ ਗਿਆ ਹੈ। ਹਿਮਾਚਲ ਪ੍ਰਦੇਸ਼ ਸਥਿਤ ਚਮੇਰਾ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟ ਤੋਂ ਲਗਾਤਾਰ 20,140 ਕਿਊਸਕ ਪਾਣੀ ਦੀ ਆਮਦ ਕਾਰਨ ਝੀਲ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ।
ਮੌਜੂਦਾ ਹਾਲਾਤ ਨੂੰ ਦੇਖਦਿਆਂ ਰਣਜੀਤ ਸਾਗਰ ਡੈਮ ਦੇ ਚਾਰ ਟਰਬਾਈਨਾਂ ਵਿੱਚੋਂ ਫਿਲਹਾਲ ਸਿਰਫ਼ ਇੱਕ ਟਰਬਾਈਨ ਨੂੰ ਹੀ 150 ਮੈਗਾਵਾਟ ਸਮਰੱਥਾ 'ਤੇ ਚਲਾਇਆ ਜਾ ਰਿਹਾ ਹੈ, ਜਦਕਿ ਬਾਕੀ ਤਿੰਨ ਟਰਬਾਈਨਾਂ ਬੰਦ ਰੱਖੀਆਂ ਗਈਆਂ ਹਨ। ਇਸ ਨਾਲ ਰੋਜ਼ਾਨਾ ਬਿਜਲੀ ਉਤਪਾਦਨ ਘਟ ਕੇ ਲਗਭਗ 52 ਲੱਖ ਯੂਨਿਟ ਰਹਿ ਗਿਆ ਹੈ, ਜਦਕਿ ਪਹਿਲਾਂ ਔਸਤਨ 80 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ।
ਬਿਜਲੀ ਉਤਪਾਦਨ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਵੀ ਨਿਯਮਿਤ ਤੌਰ 'ਤੇ ਕੀਤੀ ਜਾ ਰਹੀ ਹੈ। ਰਣਜੀਤ ਸਾਗਰ ਡੈਮ ਤੋਂ ਹੇਠਾਂ ਸਥਿਤ ਸ਼ਾਹਪੁਰ ਕੰਡੀ ਬੈਰਾਜ ਵੱਲ 8,000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸ਼ਾਹਪੁਰ ਕੰਡੀ ਬੈਰਾਜ ਦਾ ਜਲ ਪੱਧਰ ਵੱਧ ਕੇ 401.50 ਮੀਟਰ ਹੋ ਗਿਆ ਹੈ, ਜਦਕਿ ਇਸ ਦੀ ਅਧਿਕਤਮ ਭੰਡਾਰਨ ਸਮਰੱਥਾ 404.50 ਮੀਟਰ ਹੈ।
ਉੱਥੋਂ ਅੱਗੇ ਮਾਧੋਪੁਰ ਹੈੱਡਵਰਕਸ ਰਾਹੀਂ ਕੁੱਲ 11,350 ਕਿਊਸੈਕ ਪਾਣੀ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਇਸ ਵਿੱਚ ਯੂਬੀਡੀਸੀ ਨਹਿਰ ਵਿੱਚ 7,461 ਕਿਊਸਕ, ਐਮਬੀ ਲਿੰਕ ਨਹਿਰ ਵਿੱਚ 3,176 ਕਿਊਸਕ, ਕਸ਼ਮੀਰ ਕੈਨਾਲ ਵਿੱਚ 400 ਕਿਊਸਕ ਅਤੇ ਇਸਲਾਮਪੁਰ ਨਹਿਰ ਵਿੱਚ 250 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।
ਡੈਮ ਪ੍ਰਬੰਧਨ ਵੱਲੋਂ ਹਾਲਾਤਾਂ 'ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ ਅਤੇ ਪਹਾੜੀ ਖੇਤਰਾਂ ਤੋਂ ਹੋ ਰਹੀ ਪਾਣੀ ਦੀ ਆਮਦ ਦੇ ਅਨੁਸਾਰ ਜਲ ਪ੍ਰਬੰਧਨ ਅਤੇ ਬਿਜਲੀ ਉਤਪਾਦਨ ਸਬੰਧੀ ਫ਼ੈਸਲੇ ਲਏ ਜਾ ਰਹੇ ਹਨ।