- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਧੋਪੁਰ ਸਥਿਤ ਰਾਜ ਕਰ ਵਿਭਾਗ ਦੇ ਦਫ਼ਤਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਇੱਕ ਡਰਾਈਵਰ ਜ਼ਬਤ ਕੀਤੀ ਗਈ ਗੱਡੀ ਅਤੇ ਉਸ ਵਿਚ ਲੱਦੇ ਮਾਲ ਸਮੇਤ ਫ਼ਰਾਰ ਹੋ ਗਿਆ।

ਆਰ.ਸਿੰਘ, ਪੰਜਾਬੀ ਜਾਗਰਣ, ਮਾਧੋਪੁਰ/ ਪਠਾਨਕੋਟ : ਮਾਧੋਪੁਰ ਸਥਿਤ ਰਾਜ ਕਰ ਵਿਭਾਗ ਦੇ ਦਫ਼ਤਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਇੱਕ ਡਰਾਈਵਰ ਜ਼ਬਤ ਕੀਤੀ ਗਈ ਗੱਡੀ ਅਤੇ ਉਸ ਵਿਚ ਲੱਦੇ ਮਾਲ ਸਮੇਤ ਫ਼ਰਾਰ ਹੋ ਗਿਆ। ਇਸ ਸਬੰਧੀ ਪਠਾਨਕੋਟ ਪੁਲਿਸ ਨੇ ਡਰਾਈਵਰ ਮੁਨੀਸ਼ ਖਜੂਰੀਆ ਵਿਰੁੱਧ ਸਰਕਾਰੀ ਕੰਮ ਵਿਚ ਵਿਘਨ ਪਾਉਣ ਅਤੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਿਪਾਹੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ 16 ਜੁਲਾਈ ਦੀ ਸਵੇਰ ਮਾਧੋਪੁਰ ਸਥਿਤ ਸਟੇਟ ਟੈਕਸ ਦਫ਼ਤਰ ਵਿਖੇ ਡਿਊਟੀ 'ਤੇ ਤਾਇਨਾਤ ਸਨ। ਸਵੇਰੇ ਕਰੀਬ 6.30 ਵਜੇ ਮਾਧੋਪੁਰ ਦੇ ਸਟੇਟ ਟੈਕਸ ਅਫ਼ਸਰ ਵਿਸ਼ਾਲ ਕਸ਼ਯਪ ਨੇ ਗੱਡੀ ਨੰਬਰ ਜੇ.ਕੇ.08ਐੱਚ.8513 ਨੂੰ ਉਸ ਵਿਚ ਲੱਦੇ ਮਾਲ ਸਮੇਤ ਉਨ੍ਹਾਂ ਦੇ ਹਵਾਲੇ ਕੀਤਾ ਸੀ। ਅਮਰਨਾਥ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਪ੍ਰਸ਼ਾਸਨ ਵੱਲੋਂ ਅੱਗੇ ਦਾ ਰਸਤਾ ਟੋਆ ਪੁੱਟ ਕੇ ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਸੀ।
ਸ਼ਿਕਾਇਤ ਅਨੁਸਾਰ, ਸਵੇਰੇ ਕਰੀਬ 7.15 ਵਜੇ ਟੈਕਸ ਅਧਿਕਾਰੀ ਵਿਸ਼ਾਲ ਕਸ਼ਯਪ ਮੁੜ ਜਾਂਚ ਲਈ ਫ਼ੀਲਡ ਵਿਚ ਚਲੇ ਗਏ। ਇਸ ਤੋਂ ਬਾਅਦ ਕਰੀਬ 9.15 ਵਜੇ ਗੱਡੀ ਦਾ ਡਰਾਈਵਰ ਮੁਨੀਸ਼ ਖਜੂਰੀਆ ਫ਼ੋਨ ਸੁਣਨ ਦਾ ਬਹਾਨਾ ਬਣਾ ਕੇ ਸਿਪਾਹੀ ਬਲਕਾਰ ਸਿੰਘ ਕੋਲੋਂ ਉੱਠ ਕੇ ਬਾਹਰ ਚਲਾ ਗਿਆ। ਗੱਡੀ ਦੀ ਮੁੱਖ ਚਾਬੀ ਡਿਊਟੀ 'ਤੇ ਤਾਇਨਾਤ ਸਿਪਾਹੀ ਬਲਕਾਰ ਸਿੰਘ ਕੋਲ ਹੀ ਮੌਜੂਦ ਸੀ। ਇਸ ਦੇ ਬਾਵਜੂਦ ਡਰਾਈਵਰ ਨੇ ਕਿਸੇ ਹੋਰ ਤਰੀਕੇ ਨਾਲ ਗੱਡੀ ਸਟਾਰਟ ਕੀਤੀ ਅਤੇ ਤੇਜ਼ ਰਫ਼ਤਾਰ ਨਾਲ ਉਸ ਨੂੰ ਜੰਮੂ-ਕਸ਼ਮੀਰ ਵੱਲ ਭਜਾ ਲੈ ਗਿਆ।
ਘਟਨਾ ਤੋਂ ਬਾਅਦ ਸਿਪਾਹੀ ਬਲਕਾਰ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਸਟੇਟ ਟੈਕਸ ਅਫ਼ਸਰ ਵਿਸ਼ਾਲ ਕਸ਼ਯਪ ਅਤੇ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਅਨੁਸਾਰ, ਮੁਨੀਸ਼ ਖਜੂਰੀਆ ਵੱਲੋਂ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਨਾਲ-ਨਾਲ ਟੈਕਸ ਚੋਰੀ ਦੇ ਇਰਾਦੇ ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਸਆਈ ਜਗਦੀਸ਼ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਡਰਾਈਵਰ ਦੀ ਭਾਲ ਅਤੇ ਗੱਡੀ ਤੇ ਮਾਲ ਦੀ ਬਰਾਮਦਗੀ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।