ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪਠਾਨਕੋਟ ਵਾਸੀ ਨੂੰ ਫਾਂਸੀ ਦੀ ਸਜ਼ਾ, ਪਰਿਵਾਰ ਨੇ ਮਦਦ ਲਈ ਕੀਤੀ ਅਪੀਲ ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪਠਾਨਕੋਟ
Publish Date: Tue, 15 Sep 2026 06:51 PM (IST)
Updated Date: Wed, 16 Sep 2026 04:08 AM (IST)
ਫੋਟੋ : ਬਲਜਿੰਦਰ ਸਿੰਘ ਦੀ ਤਸਵੀਰ ਹੱਥ ਵਿੱਚ ਫੜ ਕੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ। * ਬਿਮਾਰ ਪਿਤਾ ਲਈ ਦਵਾਈ ਦਾ ਪੈਕੇਟ ਲਿਜਾਣ ਬਹਾਨੇ ਨਸ਼ੀਲਾ ਪਦਾਰਥ ਦੇਣ ਦਾ ਪਰਿਵਾਰ ਨੇ ਲਾਇਆ ਦੋਸ਼ ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ/ਸੁਜਾਨਪੁਰ : ਸਾਊਦੀ ਅਰਬ ’ਚ ਨਸ਼ੀਲੇ ਪਦਾਰਥ ਦੀ ਕਥਿਤ ਬਰਾਮਦਗੀ ਦੇ ਮਾਮਲੇ ’ਚ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਾਸੀ ਟਰੱਕ ਚਾਲਕ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਉਸ ਦੇ ਪਰਿਵਾਰ ਨੇ ਭਾਰਤ ਤੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ ’ਚ ਫਸਾਇਆ ਗਿਆ ਅਤੇ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਜਿਸ ਪੈਕੇਟ ਨੂੰ ਉਹ ਦਵਾਈ ਸਮਝ ਕੇ ਲਿਜਾ ਰਿਹਾ ਸੀ, ਉਸ ’ਚ ਨਸ਼ੀਲਾ ਪਦਾਰਥ ਮੌਜੂਦ ਸੀ। ਪਰਿਵਾਰ ਅਨੁਸਾਰ ਬਲਜਿੰਦਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ ’ਚ ਟਰੱਕ ਚਾਲਕ ਵਜੋਂ ਕੰਮ ਕਰ ਰਿਹਾ ਸੀ ਤੇ ਨਿਯਮਿਤ ਤੌਰ ਤੇ ਮਾਲ ਲੈ ਕੇ ਸਾਊਦੀ ਅਰਬ ਜਾਂਦਾ ਸੀ। ਕਰੀਬ ਤਿੰਨ ਸਾਲ ਪਹਿਲਾਂ ਦੁਬਈ ’ਚ ਕੰਮ ਕਰਨ ਵਾਲੇ ਇਕ ਜਾਣਕਾਰ ਨੇ ਉਸ ਨਾਲ ਸੰਪਰਕ ਕਰ ਕੇ ਆਪਣੇ ਬਿਮਾਰ ਪਿਤਾ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਦੀ ਮਦਦ ਮੰਗੀ। ਬਲਜਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਦੋ ਵਾਰ ਅਣਜਾਣ ਸਾਮਾਨ ਲਿਜਾਣ ਤੋਂ ਇਨਕਾਰ ਕੀਤਾ ਸੀ ਪਰ ਉਕਤ ਵਿਅਕਤੀ ਵੱਲੋਂ ਆਪਣੇ ਬਿਮਾਰ ਪਿਤਾ ਦੀ ਵੀਡੀਓ ਦਿਖਾ ਕੇ ਮਦਦ ਦੀ ਅਪੀਲ ਕਰਨ ਤੇ ਬਲਜਿੰਦਰ ਸਿੰਘ ਭਾਵੁਕ ਹੋ ਗਿਆ ਤੇ ਮਨੁੱਖਤਾ ਦੇ ਨਾਤੇ ਦਵਾਈਆਂ ਦਾ ਪੈਕੇਟ ਆਪਣੇ ਟਰੱਕ ’ਚ ਰੱਖਣ ਲਈ ਤਿਆਰ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਦੁਬਈ-ਸਾਊਦੀ ਅਰਬ ਸਰਹੱਦ ’ਤੇ ਟਰੱਕ ਦੀ ਜਾਂਚ ਦੌਰਾਨ ਇਹ ਪੈਕੇਟ ਸ਼ੱਕੀ ਪਾਇਆ ਗਿਆ। ਤਲਾਸ਼ੀ ਦੌਰਾਨ ਦਵਾਈਆਂ ਦੇ ਡੱਬੇ ’ਚੋਂ ਕਥਿਤ ਤੌਰ ਤੇ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਸਾਊਦੀ ਪੁਲਿਸ ਨੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਕਰੀਬ ਤਿੰਨ ਸਾਲ ਚੱਲੇ ਮਾਮਲੇ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਅਦਾਲਤ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਵਿਦੇਸ਼ ਮੰਤਰਾਲੇ ਨੂੰ ਕੀਤੀ ਮਾਮਲੇ ’ਚ ਦਖ਼ਲ ਦੀ ਮੰਗ ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਤੇ ਕਾਨੂੰਨੀ ਪੱਧਰ ਤੇ ਗੱਲਬਾਤ ਕੀਤੀ ਜਾਵੇ। ਪਰਿਵਾਰ ਨੇ ਬਲਜਿੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਤੇ ਰਾਹਤ ਦਿਵਾਉਣ ਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀ ਮੰਗ ਕੀਤੀ ਹੈ।