ਬਰਨਾਲਾ ਘਟਨਾ ਦੇ ਵਿਰੋਧ 'ਚ ਪਠਾਨਕੋਟ ਮੁਕੰਮਲ ਬੰਦ, ਸਵੇਰ ਤੋਂ ਬਾਜ਼ਾਰ ਸੁੰਨੇ; ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੱਗੇ ਗੰਦਗੀ ਦੇ ਢੇਰ
ਬਰਨਾਲਾ ਵਿਖੇ ਸਫ਼ਾਈ ਸੇਵਕਾਂ, ਮਹਿਲਾਵਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ’ਤੇ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ’ਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਪਠਾਨਕੋਟ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਅੱਜ ਸਵੇਰ ਤੋਂ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਚਹਿਲ-ਪਹਿਲ ਨਜ਼ਰ ਆਈ।
Publish Date: Thu, 30 Jul 2026 01:35 PM (IST)
Updated Date: Thu, 30 Jul 2026 01:38 PM (IST)
ਆਰ.ਸਿੰਘ, ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ। ਬਰਨਾਲਾ ਵਿਖੇ ਸਫ਼ਾਈ ਸੇਵਕਾਂ, ਮਹਿਲਾਵਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ’ਤੇ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ’ਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਪਠਾਨਕੋਟ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਅੱਜ ਸਵੇਰ ਤੋਂ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਚਹਿਲ-ਪਹਿਲ ਨਜ਼ਰ ਆਈ।
ਡਲਹੌਜ਼ੀ ਰੋਡ, ਸ਼ਾਹਪੁਰ ਚੌਂਕ, ਗਾਂਧੀ ਚੌਂਕ, ਰੇਲਵੇ ਰੋਡ, ਢਾਕੀ ਰੋਡ, ਮਿਸ਼ਨ ਰੋਡ, ਢਾਂਗੂ ਰੋਡ ਅਤੇ ਸ਼ਹਿਰ ਦੇ ਹੋਰ ਵਪਾਰਕ ਇਲਾਕਿਆਂ ’ਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਵਪਾਰਕ ਅਦਾਰਿਆਂ ਦੇ ਬੰਦ ਰਹਿਣ ਨਾਲ ਸ਼ਹਿਰ ’ਚ ਬੰਦ ਦਾ ਸਪੱਸ਼ਟ ਅਸਰ ਦੇਖਣ ਨੂੰ ਮਿਲਿਆ।
ਹਾਲਾਂਕਿ, ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਦਾ ਕੰਮ ਰੋਜ਼ਾਨਾ ਦੀ ਤਰ੍ਹਾਂ ਜਾਰੀ ਰਿਹਾ। ਵਿਦਿਆਰਥੀਆਂ ਦੀ ਹਾਜ਼ਰੀ ਵੀ ਆਮ ਰਹੀ ਅਤੇ ਸਿੱਖਿਆ ਖੇਤਰ ਵਿੱਚ ਪੰਜਾਬ ਬੰਦ ਦਾ ਕੋਈ ਖਾਸ ਅਸਰ ਨਹੀਂ ਵੇਖਣ ਨੂੰ ਮਿਲਿਆ।
ਦੂਜੇ ਪਾਸੇ ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਡਰਾਈਵਰਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜਾ ਨਾ ਚੁੱਕੇ ਜਾਣ ਕਰਕੇ ਗੰਦਗੀ ਦੇ ਢੇਰ ਨਜ਼ਰ ਆਏ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਅਖਿਲ ਭਾਰਤੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੱਟੋ ਨੇ ਕਿਹਾ ਕਿ ਬਰਨਾਲਾ ਦੀ ਘਟਨਾ ਦੇ ਵਿਰੋਧ ਵਿੱਚ ਵਾਲਮੀਕੀ ਸਮਾਜ ਅਤੇ ਸਫ਼ਾਈ ਕਰਮਚਾਰੀ ਜਥੇਬੰਦੀਆਂ ਨੇ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਵੀ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।