ਭਾਰਤ-ਚੀਨ ਜੰਗ ਦੇ ਸ਼ਹੀਦ ਨੂੰ ਨਮ ਅੱਖਾਂ ਨਾਲ ਭੇਟ ਕੀਤੀ ਸ਼ਰਧਾਂਜਲੀ 64ਵੇਂ ਬਲੀਦਾਨ ਦਿਵਸ ਮੌਕੇ ਭਾਰਤ-ਚੀਨ ਜੰਗ ਦੇ ਸ਼ਹੀਦ ਨੂੰ ਨਮ ਅੱਖਾਂ ਨਾਲ ਭੇਟ ਕੀਤੀ ਸ਼ਰਧਾਂਜਲੀ
Publish Date: Wed, 18 Nov 2026 06:34 PM (IST)
Updated Date: Thu, 19 Nov 2026 04:07 AM (IST)
ਫੋਟੋ : ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਕਰਨਲ ਸਾਗਰ ਸਿੰਘ ਸਲਾਰੀਆ, ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਹੋਰ ਸ਼ਖ਼ਸੀਅਤਾਂ। ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਭਾਰਤ-ਚੀਨ ਜੰਗ 1962 ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੀ 4 ਡੋਗਰਾ ਰੈਜੀਮੈਂਟ ਦੇ ਸਿਪਾਹੀ ਧਿਆਨ ਸਿੰਘ ਦਾ 64ਵਾਂ ਬਲੀਦਾਨ ਦਿਵਸ ਪਿੰਡ ਛੰਨੀ ਮੁਆਲਾ ਵਿਖੇ ਸ਼ਹੀਦ ਦੇ ਯਾਦਗਾਰੀ ਗੇਟ ਨੇੜੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਮਾਗਮ ਵਿੱਚ ਪ੍ਰੀਸ਼ਦ ਦੇ ਪ੍ਰਧਾਨ ਅਤੇ ਸ਼ਹੀਦ ਲੈਫਟੀਨੈਂਟ ਗੁਰਦੀਪ ਸਲਾਰੀਆ ਸ਼ੌਰਿਆ ਚੱਕਰ ਦੇ ਪਿਤਾ ਕਰਨਲ ਸਾਗਰ ਸਿੰਘ ਸਲਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਦੇ ਪੁੱਤਰ ਵਰਿੰਦਰ ਨਾਥ, ਨੂੰਹ ਸ਼ਸ਼ੀ ਬਾਲਾ, ਪੋਤਰੇ ਕੁਮਾਰ ਸ਼ਾਨੂ, ਸ਼ਹੀਦ ਕੈਪਟਨ ਅਰੁਣ ਜਸਰੋਟੀਆ ਅਸ਼ੋਕ ਚੱਕਰ ਦੇ ਭਰਾ ਰਾਕੇਸ਼ ਜਸਰੋਟੀਆ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਸਿਪਾਹੀ ਪ੍ਰੇਮ ਸਿੰਘ ਦੀ ਪਤਨੀ ਸੁਮਿੱਤਰਾ ਦੇਵੀ, ਕੈਪਟਨ ਫਕੀਰ ਸਿੰਘ, ਸੂਬੇਦਾਰ ਮੇਜਰ ਅਵਤਾਰ ਸੈਣੀ ਤੇ ਡਾ. ਰਾਜਿੰਦਰ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਕਰਨਲ ਸਾਗਰ ਸਿੰਘ ਸਲਾਰੀਆ ਨੇ ਕਿਹਾ ਕਿ ਸਿਪਾਹੀ ਧਿਆਨ ਸਿੰਘ ਵਰਗੇ ਜਾਂਬਾਜ਼ ਦੇਸ਼ ਅਤੇ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਦੀ ਕੁਰਬਾਨੀ ਅੱਗੇ ਸਮੁੱਚਾ ਰਾਸ਼ਟਰ ਨਤਮਸਤਕ ਹੈ। ਇਸ ਮੌਕੇ ਕਸ਼ਮੀਰ ਵਿੱਚ ਤਾਇਨਾਤ ਬ੍ਰਿਗੇਡੀਅਰ ਵਾਈਐੱਸ ਕੋਛੜ ਨੇ ਫ਼ੋਨ ਰਾਹੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ 4 ਡੋਗਰਾ ਰੈਜੀਮੈਂਟ ਦੇ ਸ਼ਾਨਦਾਰ ਫ਼ੌਜੀ ਇਤਿਹਾਸ ਅਤੇ ਬਹਾਦਰੀ ਦੀਆਂ ਗਾਥਾਵਾਂ ਦਾ ਜ਼ਿਕਰ ਕੀਤਾ। ਅੰਤ ’ਚ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬੇਦਾਰ ਮੇਜਰ ਸਿਕੰਦਰ ਸਿੰਘ ਪਠਾਨੀਆ, ਹੌਲਦਾਰ ਨਰਿੰਦਰ ਨਾਥ, ਠਾਕੁਰ ਕੇਵਲ ਸਿੰਘ, ਸੂਬੇਦਾਰ ਪੁਰਸ਼ੋਤਮ ਸਿੰਘ, ਸੁਰਿੰਦਰ ਕੁਮਾਰ, ਦਿਲਬਾਗ ਰਾਜ, ਬਲਬੀਰ ਚੰਦ, ਦੌਲਤ ਰਾਮ ਅਤੇ ਕਿਸ਼ੋਰੀ ਆਦਿ ਹਾਜ਼ਰ ਸਨ।