
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਮੌਕੇ ਭੈਣਾਂ ਨੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੰਨ੍ਹੀਆਂ ਰੱਖੜੀਆਂ,

ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪਠਾਨਕੋਟ ਦੇ ਲਾਈਟਾਂ ਵਾਲੇ ਚੌਂਕ ਵਿਖੇ ਭੈਣ-ਭਰਾ ਦੇ ਪਿਆਰ ਅਤੇ ਸਤਿਕਾਰ ਦੇ ਨਾਲ-ਨਾਲ ਸੜਕ ਸੁਰੱਖਿਆ ਦਾ ਵੀ ਵਿਲੱਖਣ ਸੰਦੇਸ਼ ਦਿੱਤਾ ਗਿਆ। ਆਂਚਲ ਪਠਾਨਕੋਟ ਸੰਘ ਦੀ ਰਮਾ, ਪ੍ਰਮੁੱਖ ਡਿੰਪਲ ਅਤੇ ਆਚਾਰਿਆ ਕੋਮਲ ਸਮੇਤ ਹੋਰ ਭੈਣਾਂ ਨੇ ਟਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਕਲਾਈਆਂ ’ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਸੁਰੱਖਿਅਤ ਜੀਵਨ ਦੀ ਕਾਮਨਾ ਕੀਤੀ।
ਇਸ ਮੌਕੇ ਟਰੈਫਿਕ ਪੁਲਿਸ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਸੜਕ ਸੁਰੱਖਿਆ ਨਾਲ ਜੋੜਦਿਆਂ ਰੱਖੜੀ ਬੰਨ੍ਹਣ ਲਈ ਪਹੁੰਚੀਆਂ ਭੈਣਾਂ ਨੂੰ ਇੱਕ-ਇੱਕ ਹੈਲਮਟ ਵੀ ਭੇਟ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਰੱਖੜੀ ਸਿਰਫ਼ ਭੈਣ-ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੀ ਨਹੀਂ, ਸਗੋਂ ਆਪਣੇ ਪਿਆਰਿਆਂ ਦੀ ਸੁਰੱਖਿਆ ਦਾ ਸੰਕਲਪ ਲੈਣ ਦਾ ਵੀ ਮੌਕਾ ਹੈ। ਉਨ੍ਹਾਂ ਭੈਣਾਂ ਨੂੰ ਅਪੀਲ ਕੀਤੀ ਕਿ ਦੋਪਹੀਆ ਵਾਹਨ ’ਤੇ ਸਫ਼ਰ ਕਰਦੇ ਸਮੇਂ ਹਮੇਸ਼ਾ ਹੈਲਮਟ ਦੀ ਵਰਤੋਂ ਕਰਨ। ਟਰੈਫਿਕ ਪੁਲਿਸ ਨੇ ਕਿਹਾ ਕਿ ਹੈਲਮਟ ਸੜਕ ਹਾਦਸੇ ਦੀ ਸਥਿਤੀ ਵਿੱਚ ਸਿਰ ਨੂੰ ਗੰਭੀਰ ਸੱਟ ਤੋਂ ਬਚਾਉਣ ਅਤੇ ਕੀਮਤੀ ਜਾਨ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਭੈਣਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੂੰ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇੰਚਾਰਜ ਬ੍ਰਹਮ ਦੱਤ ਨੇ ਕਿਹਾ ਕਿ ਸੜਕ ਸੁਰੱਖਿਆ ਕਿਸੇ ਇੱਕ ਵਿਭਾਗ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭੈਣਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ। ਰੱਖੜੀ ਦਾ ਤਿਉਹਾਰ ਆਪਸੀ ਪਿਆਰ, ਸਨੇਹ, ਵਿਸ਼ਵਾਸ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਮੌਕੇ ਟਰੈਫਿਕ ਪੁਲਿਸ ਮੁਲਾਜ਼ਮਾਂ ਅਤੇ ਆਮ ਲੋਕਾਂ ਵਿਚਕਾਰ ਆਪਸੀ ਸਾਂਝ ਅਤੇ ਸਹਿਯੋਗ ਦੀ ਭਾਵਨਾ ਵੀ ਮਜ਼ਬੂਤ ਹੋਈ। ਰੱਖੜੀ ਬੰਨ੍ਹਣ ਲਈ ਪਹੁੰਚੀਆਂ ਭੈਣਾਂ ਦਾ ਟਰੈਫਿਕ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮਾਹੌਲ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਭਰਪੂਰ ਰਿਹਾ।