- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਹਾਇਸ਼ੀ ਕਲੋਨੀ ’ਚ ਦੋ ਵੱਡੇ ਕੋਲਡ ਸਟੋਰ ਬਣਨ ’ਤੇ ਉੱਠੇ

ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ -
ਸ਼ਹਿਰ ਦੇ ਭਾਰਤ ਨਗਰ ਅਤੇ ਨਹਿਰੂ ਨਗਰ ਨੇੜੇ ਸਥਿਤ ਨਵੀਂ ਰਿਹਾਇਸ਼ੀ ਕਲੋਨੀ ਵਿੱਚ ਬਣੇ ਦੋ ਵੱਡੇ ਕੋਲਡ ਸਟੋਰਾਂ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਰਿਹਾਇਸ਼ੀ ਖੇਤਰ ਦੇ ਨੇੜੇ ਇੱਕ ਕੇਲਿਆਂ ਦੇ ਭੰਡਾਰਨ ਲਈ ਅਤੇ ਦੂਜਾ ਆਈਸਕ੍ਰੀਮ ਦੇ ਭੰਡਾਰਨ ਲਈ ਬਣਾਇਆ ਗਿਆ ਹੈ। ਇਨ੍ਹਾਂ ਸਟੋਰਾਂ ਵਿੱਚ ਮਾਲ ਦੀ ਢੋਆ-ਢੁਆਈ ਲਈ ਵਾਹਨਾਂ ਦੀ ਆਵਾਜਾਈ ਕਾਰਨ ਇਲਾਕੇ ਦੇ ਵਸਨੀਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਕਲੋਨੀ ਦੇ ਨੇੜੇ ਵੱਡੇ ਪੱਧਰ ’ਤੇ ਵਪਾਰਕ ਸਰਗਰਮੀਆਂ ਹੋਣ ਨਾਲ ਆਵਾਜਾਈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਮਾਰਤਾਂ ਦੀ ਉਸਾਰੀ ਅਤੇ ਸੰਚਾਲਨ ਲਈ ਲੋੜੀਂਦੀਆਂ ਮਨਜ਼ੂਰੀਆਂ, ਇਮਾਰਤੀ ਨਿਯਮਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੜਤਾਲ ਕਰਨ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਨਗਰ ਨਿਗਮ ਪਠਾਨਕੋਟ ਦੀ ਇਮਾਰਤ ਸ਼ਾਖਾ ਦੇ ਇੰਸਪੈਕਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਬੰਧਤ ਕੋਲਡ ਸਟੋਰ ਦੇ ਮਾਲਕ ਨੂੰ ਜਲਦੀ ਹੀ ਨੋਟਿਸ ਜਾਰੀ ਕੀਤਾ ਜਾਵੇਗਾ।
ਇੰਸਪੈਕਟਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਉਸਾਰੀ ਜਾਂ ਸੰਚਾਲਨ ਸਬੰਧੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਵੱਲੋਂ ਜਾਂਚ ਕਦੋਂ ਪੂਰੀ ਕੀਤੀ ਜਾਂਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਕੀ ਕਦਮ ਚੁੱਕੇ ਜਾਂਦੇ ਹਨ।