ਨਵੋਦਿਆ ਸਕੂਲ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਨਵਾਂ ਖੁਲਾਸਾ, ਵਿਦਿਆਰਥੀ ਨੇ ਛੱਡਿਆ ਸੀ ਨੋਟ ਨਵੋਦਿਆ ਸਕੂਲ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਨਵਾਂ ਖੁਲਾਸਾ,
Publish Date: Sun, 22 Nov 2026 06:36 PM (IST)
Updated Date: Mon, 23 Nov 2026 04:07 AM (IST)
ਫੋਟੋ : ਨਵੋਦਿਆ ਵਿਦਿਆਲਿਆ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਲਕਸ਼ ਬੈਂਸ ਦੀ ਫਾਈਲ ਫੋਟੋ। ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪਿੰਡ ਨਾਜੋਚੱਕ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਲਕਸ਼ ਬੈਂਸ ਦੀ ਮੌਤ ਦੇ ਮਾਮਲੇ ’ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਵਿਦਿਆਰਥੀ ਨੇ ਮੌਤ ਤੋਂ ਪਹਿਲਾਂ ਇਕ ਨੋਟ ਲਿਖਿਆ ਸੀ, ਜਿਸ ਵਿੱਚ ਉਸ ਨੇ ਆਪਣੀ ਸਿਹਤ ਖ਼ਰਾਬ ਰਹਿਣ ਅਤੇ ਭੂਤ-ਪ੍ਰੇਤਾਂ ਨਾਲ ਸਬੰਧਤ ਗੱਲਾਂ ਦਾ ਜ਼ਿਕਰ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲ ਪ੍ਰਬੰਧਕ ਵੱਲੋਂ ਅੰਦਰੂਨੀ ਜਾਂਚ ਕਮੇਟੀ ਬਣਾਈ ਗਈ ਹੈ, ਜਦਕਿ ਰਿਪੋਰਟ ਨਵੋਦਿਆ ਵਿਦਿਆਲਿਆ ਸਮਿਤੀ ਦੇ ਚੰਡੀਗੜ੍ਹ ਖੇਤਰੀ ਦਫ਼ਤਰ ਤੇ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਡੱਲਾ ਬਲੀਮ, ਥਾਣਾ ਤਾਰਾਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਲਕਸ਼ ਬੈਂਸ ਅਤੇ ਲਕਸ਼ਿਕਾ ਨਵੋਦਿਆ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਸਨ ਅਤੇ ਹੋਸਟਲ ਵਿੱਚ ਰਹਿੰਦੇ ਸਨ। ਦੋਵੇਂ ਬੱਚੇ ਦੀਵਾਲੀ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ 16 ਨਵੰਬਰ ਨੂੰ ਸਵੇਰੇ 11 ਵਜੇ ਸਕੂਲ ਪਰਤੇ ਸਨ। ਪਿਤਾ ਅਨੁਸਾਰ ਲਕਸ਼ ਦੀ ਨਜ਼ਰ ਲਗਭਗ 50 ਫ਼ੀਸਦੀ ਕਮਜ਼ੋਰ ਸੀ ਅਤੇ ਐਲਰਜੀ ਕਾਰਨ ਉਸ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ 18 ਅਤੇ 19 ਨਵੰਬਰ ਦੀ ਦਰਮਿਆਨੀ ਰਾਤ ਕਰੀਬ 1:15 ਵਜੇ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਦਾ ਫ਼ੋਨ ਆਇਆ, ਜਿਸ ਵਿੱਚ ਲਕਸ਼ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਗਿਆ। ਪਰਿਵਾਰ ਜਦੋਂ ਸੀਐੱਚਸੀ ਘਰੋਟਾ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਤ 12:40 ਤੋਂ 12:45 ਵਜੇ ਦਰਮਿਆਨ ਘਟਨਾ ਵਾਪਰੀ ਅਤੇ ਹਾਊਸ ਮਾਸਟਰ ਨੇ ਕਰੀਬ ਇਕ ਵਜੇ ਉਨ੍ਹਾਂ ਨੂੰ ਸੂਚਨਾ ਦਿੱਤੀ। ਸਕੂਲ ਵਿੱਚ 56 ਸੀਸੀਟੀਵੀ ਕੈਮਰੇ ਲੱਗੇ ਹਨ, ਪਰ ਨਿੱਜਤਾ ਦੇ ਨਿਯਮਾਂ ਕਾਰਨ ਹੋਸਟਲ ਦੇ ਅੰਦਰ ਕੈਮਰੇ ਨਹੀਂ ਲਗਾਏ ਗਏ। ਪੁਲਿਸ ਅਧਿਕਾਰੀ ਏਐੱਸਆਈ ਬੋਧਰਾਜ ਅਤੇ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰਿਵਾਰ ਨੇ ਕਿਸੇ ’ਤੇ ਸ਼ੱਕ ਪ੍ਰਗਟ ਨਹੀਂ ਕੀਤਾ ਅਤੇ ਨਾ ਹੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਧਾਰਾ 194 ਬੀਐੱਨਐੱਸਐੱਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਵੋਦਿਆ ਵਿਦਿਆਲਿਆ ਦੇ ਉੱਚ ਅਧਿਕਾਰੀਆਂ ਦੀ ਟੀਮ ਵੀ ਜਾਂਚ ਲਈ ਸਕੂਲ ਪਹੁੰਚ ਰਹੀ ਹੈ।