ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈ ਵਿਖੇ ਹੋਈ ਮੀਟਿੰਗ
Publish Date: Tue, 17 Nov 2026 06:15 PM (IST)
Updated Date: Tue, 17 Nov 2026 06:18 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਠਾਨਕੋਟ ਵਿਖੇ 21 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਸਬੰਧੀ ਪ੍ਰਬੰਧਾਂ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਨਗਰ ਕੀਰਤਨ ਦੇ ਰੂਟ, ਪ੍ਰਬੰਧਾਂ ਅਤੇ ਸੰਗਤਾਂ ਦੀ ਸ਼ਮੂਲੀਅਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਨਗਰ ਕੀਰਤਨ ਦੁਪਹਿਰ 12:30 ਵਜੇ ਮੁਹੱਲਾ ਸਰਾਈ ਤੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਆਰੰਭ ਹੋਵੇਗਾ। ਇਹ ਨਗਰ ਕੀਰਤਨ ਇੰਦਰਾ ਕਲੋਨੀ, ਰੇਲਵੇ ਰੋਡ, ਵਾਲਮੀਕਿ ਚੌਕ, ਲਾਈਟਾਂ ਵਾਲਾ ਚੌਕ, ਡਲਹੌਜ਼ੀ ਰੋਡ, ਮਿਸ਼ਨ ਰੋਡ, ਡਾਕਖਾਨਾ ਚੌਕ ਅਤੇ ਗਾਂਧੀ ਚੌਕ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਪਾਵਨ ਨਗਰ ਕੀਰਤਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਉਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ, ਸੇਵਾ, ਸੱਚ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਚਰਨਜੀਤ ਸਿੰਘ ਬੇਦੀ, ਤੇਜਿੰਦਰ ਸਿੰਘ ਬੇਦੀ, ਗੁਰਦੇਵ ਸਿੰਘ ਜੋਹਲ, ਸੁਖਚੈਨ ਸਿੰਘ, ਅਜਮੇਰ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਬੇਦੀ, ਗੁਰਮੀਤ ਸਿੰਘ, ਹਰਮੀਤ ਸਿੰਘ, ਐਡਵੋਕੇਟ ਗੁਰ ਆਸ਼ੀਸ਼ ਸਿੰਘ, ਜਸਜੀਤ ਸਿੰਘ ਸਾਹਨੀ, ਹਰਜੀਤ ਸਿੰਘ, ਮੋਹਿੰਦਰ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।