ਭੋਆ ਤੋਂ ਮਹਾਸ਼ਾ ਬਰਾਦਰੀ ਦੇ ਟਕਸਾਲੀ ਤੇ ਨਵੇਂ ਚਿਹਰੇ ਨੂੰ ਟਿਕਟ ਦੇਵੇ ਭਾਜਪਾ : ਨੇਕ ਚੰਦ ਹਲਕਾ ਭੋਆ ਤੋਂ ਮਹਾਸ਼ਾ ਬਰਾਦਰੀ
Publish Date: Sun, 22 Nov 2026 04:32 PM (IST)
Updated Date: Mon, 23 Nov 2026 04:02 AM (IST)
ਫੋਟੋ : ਮਹਾਸ਼ਾ ਬਰਾਦਰੀ ਨਾਲ ਸਬੰਧਤ ਟਕਸਾਲੀ ਭਾਜਪਾ ਆਗੂ ਨੂੰ ਹਲਕਾ ਭੋਆ ਤੋਂ ਟਿਕਟ ਦੇਣ ਦੀ ਮੰਗ ਕਰਦੇ ਹੋਏ ਐੱਸਸੀ ਮੋਰਚਾ ਦੇ ਪ੍ਰਧਾਨ ਨੇਕ ਚੰਦ। ਆਰ.ਸਿੰਘ, ਪੰਜਾਬੀ ਜਾਗਰਣ, ਨਰੋਟ ਜੈਮਲ ਸਿੰਘ : ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭੋਆ ਤੋਂ ਮਹਾਸ਼ਾ ਬਰਾਦਰੀ ਨਾਲ ਸਬੰਧਤ ਕਿਸੇ ਟਕਸਾਲੀ ਤੇ ਨਵੇਂ ਚਿਹਰੇ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਉੱਠਣ ਲੱਗੀ ਹੈ। ਇਸ ਸਬੰਧੀ ਭਾਜਪਾ ਦੇ ਨਰੋਟ ਜੈਮਲ ਸਿੰਘ ਮੰਡਲ ਦੇ ਐੱਸਸੀ ਮੋਰਚਾ ਦੇ ਪ੍ਰਧਾਨ ਨੇਕ ਚੰਦ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਹਲਕਾ ਭੋਆ ਤੋਂ ਅਜਿਹੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਜਾਵੇ, ਜੋ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਵੇ ਅਤੇ ਜਿਸ ਦਾ ਪਾਰਟੀ ਤੇ ਹਲਕੇ ਦੀ ਸੇਵਾ ਕਰਨ ਦਾ ਰਿਕਾਰਡ ਹੋਵੇ। ਨੇਕ ਚੰਦ ਨੇ ਕਿਹਾ ਕਿ ਪਾਰਟੀ ਨੂੰ ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਵਿਅਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਦੂਜੀਆਂ ਪਾਰਟੀਆਂ ਛੱਡ ਕੇ ਸਿਰਫ਼ ਚੋਣ ਟਿਕਟ ਹਾਸਲ ਕਰਨ ਦੇ ਮਕਸਦ ਨਾਲ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਜਾਂ ਹਾਲ ਹੀ ’ਚ ਪਾਰਟੀ ਦਾ ਹਿੱਸਾ ਬਣੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜੇਕਰ ਭਾਜਪਾ ਹਾਈਕਮਾਂਡ ਮਹਾਸ਼ਾ ਬਰਾਦਰੀ ਵਿਚੋਂ ਕਿਸੇ ਯੋਗ ਅਤੇ ਲੋਕਪ੍ਰਿਯ ਟਕਸਾਲੀ ਆਗੂ ਨੂੰ ਹਲਕਾ ਭੋਆ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਸਮੁੱਚੀ ਮਹਾਸ਼ਾ ਬਰਾਦਰੀ ਇਕਜੁੱਟ ਹੋ ਕੇ ਭਾਜਪਾ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ ਤੇ ਹਲਕੇ ਦੀ ਸੀਟ ਪਾਰਟੀ ਦੀ ਝੋਲੀ ’ਚ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।