- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਰੁਪਏ ਖ਼ਰਚਣ ਦੇ

ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਨਹੀਂ ਬਚਿਆ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸਕ ਪੁਲ਼; ਮੁਰੰਮਤ ਮਗਰੋਂ ਇਕ ਸਾਲ ਅੰਦਰ ਹੀ ਧਸਿਆ
ਪਾਬੰਦੀ ਦੇ ਬਾਵਜੂਦ ਪੁਲ ਤੋਂ ਲੰਘ ਰਹੇ ਹਨ ਰੇਤਾਂ-ਬੱਜਰੀ ਨਾਲ ਭਰੇ ਟਿੱਪਰ, ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ
ਸੰਵਾਦ ਸਹਿਯੋਗੀ, ਜਾਗਰਣ, ਮਾਧੋਪੁਰ : ਮਾਧੋਪੁਰ ਵਿਚ ਯੂਬੀਡੀਸੀ ਨਹਿਰ ’ਤੇ ਬਣਿਆ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸਕ ਪੁਲ਼ ਹੁਣ ਭਾਰੀ ਵਾਹਨਾਂ ਦੇ ਬੋਝ ਹੇਠ ਧਸਣ ਲੱਗ ਪਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਿੰਚਾਈ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਹੀ ਇਸ ਪੁਲ਼ ਦੀ ਮੁਰੰਮਤ ਕਰਵਾਈ ਸੀ, ਪਰ ਇਸ ਦੇ ਬਾਵਜੂਦ ਪੁਲ਼ ਦਾ ਵਿਚਕਾਰਲਾ ਹਿੱਸਾ ਧਸ ਗਿਆ ਅਤੇ ਸੜਕ ’ਤੇ ਲੰਬੀਆਂ ਤੇ ਡੂੰਘੀਆਂ ਤਰੇੜਾਂ ਪੈ ਗਈਆਂ। ਪੁਲ਼ ਦੀ ਹਾਲਤ ਇੰਨੀ ਖ਼ਤਰਨਾਕ ਹੋ ਚੁੱਕੀ ਹੈ ਕਿ ਇਸ ਤੋਂ ਲੰਘਦਿਆਂ ਹਿਲਜੁਲ ਮਹਿਸੂਸ ਹੁੰਦੀ ਹੈ। ਇਸ ਲਈ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਪੁਲ਼ ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਬਣਾਇਆ ਗਿਆ ਸੀ ਅਤੇ ਕਾਫ਼ੀ ਪੁਰਾਣਾ ਹੈ। ਉਦੋਂ ਇਸ ਨੂੰ ਸਿਰਫ਼ ਪੈਦਲ ਚੱਲਣ ਵਾਲਿਆਂ, ਬੈਲਗੱਡੀਆਂ ਤੇ ਹਲਕੇ ਵਾਹਨਾਂ ਦੀ ਆਵਾਜਾਈ ਲਈ ਬਣਾਇਆ ਗਿਆ ਸੀ। ਪਰ ਅੱਜ ਇਸ ਇਤਿਹਾਸਕ ਪੁਲ਼ ਤੋਂ ਰੋਜ਼ਾਨਾ ਰੇਤਾਂ-ਬੱਜਰੀ ਨਾਲ ਭਰੇ ਭਾਰੀ ਟਿੱਪਰ ਅਤੇ ਹੋਰ ਵੱਡੇ ਵਾਹਨ ਲੰਘ ਰਹੇ ਹਨ। ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਪੁਲ਼ ਦੀ ਨੀਂਹ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ।
ਪ੍ਰਸ਼ਾਸਨ ਨੇ ਪੁਲ਼ ਤੋਂ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਰੋਜ਼ਾਨਾ ਦਰਜਨਾਂ ਭਾਰੀ ਟਿੱਪਰ ਬੇਰੋਕ ਇਸ ਪੁਲ਼ ਤੋਂ ਲੰਘਦੇ ਹਨ। ਇਹ ਆਵਾਜਾਈ ਸਿਰਫ਼ ਦਿਨ ਵੇਲੇ ਹੀ ਨਹੀਂ, ਸਗੋਂ ਰਾਤ ਦੇ ਹਨੇਰੇ ਵਿਚ ਵੀ ਜਾਰੀ ਰਹਿੰਦੀ ਹੈ। ਪੁਲ਼ ’ਤੇ ਨਾ ਤਾਂ ਕੋਈ ਪੱਕੀ ਨਾਕਾਬੰਦੀ ਕੀਤੀ ਗਈ ਹੈ ਅਤੇ ਨਾ ਹੀ ਵਾਹਨਾਂ ਦੇ ਵਜ਼ਨ ਦੀ ਸਖ਼ਤੀ ਨਾਲ ਜਾਂਚ ਹੋ ਰਹੀ ਹੈ। ਇਸ ਦਾ ਫ਼ਾਇਦਾ ਚੁੱਕ ਕੇ ਚਾਲਕ ਪ੍ਰਸ਼ਾਸਨ ਦੀ ਪਾਬੰਦੀ ਨੂੰ ਅਣਗੌਲਿਆਂ ਕਰਦੇ ਹੋਏ ਪੁਲ਼ ਦੀ ਵਰਤੋਂ ਕਰ ਰਹੇ ਹਨ।
ਐਡਵੋਕੇਟ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਚੌਕਸ ਕੀਤਾ ਜਾ ਚੁੱਕਾ ਹੈ ਕਿ ਇਹ ਪੁਲ਼ ਬਹੁਤ ਪੁਰਾਣਾ ਹੈ ਅਤੇ ਇਸ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਈ ਵਾਰ ਭਾਰੀ ਵਾਹਨਾਂ ਨੂੰ ਪੁਲ਼ ਤੋਂ ਲੰਘਣ ਤੋਂ ਰੋਕਣ ਦੀ ਮੰਗ ਕੀਤੀ, ਪਰ ਪ੍ਰਸ਼ਾਸਨ ਨੇ ਹਰ ਵਾਰ ਉਨ੍ਹਾਂ ਦੀ ਚਿਤਾਵਨੀ ਅਣਸੁਣੀ ਕਰ ਦਿੱਤੀ। ਇਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਪੁਲ਼ ਦਾ ਵਿਚਕਾਰਲਾ ਹਿੱਸਾ ਧੱਸ ਚੁੱਕਾ ਹੈ ਤੇ ਤਰੇੜਾਂ ਲਗਾਤਾਰ ਵਧ ਰਹੀਆਂ ਹਨ।
ਇਸ ਪੁਲ਼ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ। ਇਨ੍ਹਾਂ ਵਿਚ ਸਕੂਲੀ ਬੱਚੇ, ਔਰਤਾਂ, ਕਿਸਾਨ, ਦੁੱਧ ਤੇ ਸਬਜ਼ੀਆਂ ਵੇਚਣ ਵਾਲੇ ਅਤੇ ਦੋਪਹੀਆ ਵਾਹਨ ਚਾਲਕ ਸ਼ਾਮਲ ਹਨ। ਪੁਲ਼ ਦੇ ਬਿਲਕੁਲ ਹੇਠਾਂ ਯੂਬੀਡੀਸੀ ਨਹਿਰ ਵਗਦੀ ਹੈ। ਇਸ ਹਾਲਤ ’ਚ ਜੇਕਰ ਪੁਲ਼ ਡਿੱਗਦਾ ਹੈ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਪੁਲ਼ ਦੀ ਮੌਜੂਦਾ ਹਾਲਤ ਕਾਰਨ ਲੋਕਾਂ ਵਿਚ ਭਾਰੀ ਰੋਸ ਤੇ ਦਹਿਸ਼ਤ ਦਾ ਮਾਹੌਲ ਹੈ।
ਵਿਭਾਗ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹੈ ਪੁਲ਼ ਦਾ ਧਸਣਾ
ਲੋਕਾਂ ਨੇ ਦੱਸਿਆ ਕਿ ਮਾਧੋਪੁਰ ਹੈੱਡਵਰਕਸ ’ਤੇ ਸਿੰਚਾਈ ਵਿਭਾਗ ਵੱਲੋਂ ਇਕ ਸਾਲ ਦੌਰਾਨ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ, ਜਿਸ ਵਿਚ ਇਹ ਪੁਲ਼ ਵੀ ਸ਼ਾਮਲ ਸੀ। ਇਸ ਦੇ ਬਾਵਜੂਦ ਪੁਲ਼ ਦਾ ਧਸ ਜਾਣਾ ਵਿਭਾਗ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਪੁਲ਼ ਦੀ ਇਹ ਹਾਲਤ ਹੋਈ ਹੈ, ਕਿਉਂਕਿ ਮੁਰੰਮਤ ਨੂੰ ਹਾਲੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਤੇ ਪੁਲ਼ ਮੁੜ ਖ਼ਰਾਬ ਹੋ ਗਿਆ ਹੈ।
ਫੰਡਾਂ ਦੀ ਦੁਰਵਰਤੋਂ ਦੀ ਜਾਂਚ ਕਰਵਾਉਣ ਦੀ ਮੰਗ
ਲੋਕਾਂ ਨੇ ਇਸ ਪੂਰੇ ਮਾਮਲੇ ਵਿਚ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪੁਲ਼ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਤੁਰੰਤ ਅਤੇ ਪੂਰੀ ਤਰ੍ਹਾਂ ਬੰਦ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਹੁਣ ਵੀ ਸਮਾਂ ਰਹਿੰਦਿਆਂ ਕਦਮ ਨਾ ਚੁੱਕੇ ਤਾਂ ਪੁਲ਼ ’ਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।