ਬਾਰਿਸ਼ ਦੀ ਘਾਟ ਨੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਘਟਾਇਆ
ਪਿਛਲੇ ਸਾਲ ਦੇ ਮੁਕਾਬਲੇ 13 ਮੀਟਰ ਤੋਂ ਵੱਧ ਦੀ ਗਿਰਾਵਟ, ਬਿਜਲੀ ਉਤਪਾਦਨ ਲਈ ਤਿੰਨੋਂ ਇਕਾਈਆਂ ਰੁਕ-ਰੁਕ ਕੇ ਚਲਾਈਆਂ ਜਾ ਰਹੀਆਂ ਬਾਰਿਸ਼ ਦੀ ਘਾਟ ਨੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਘਟਾਇਆ --
Publish Date: Tue, 13 Oct 2026 06:51 PM (IST)
Updated Date: Wed, 14 Oct 2026 04:06 AM (IST)
ਫੋਟੋ : ਪਹਾੜੀ ਖੇਤਰਾਂ ਵਿੱਚ ਬਾਰਿਸ਼ ਦੀ ਘਾਟ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਘਟ ਰਹੇ ਜਲ ਪੱਧਰ ਦਾ ਦ੍ਰਿਸ਼। * ਸਾਲਾਨਾ ਤੁਲਨਾ ’ਚ ਜਲ ਪੱਧਰ 13 ਮੀਟਰ ਤੋਂ ਵੱਧ ਹੇਠਾਂ ਆ ਗਿਆ * ਡੈਮ ਦੀਆਂ ਬਿਜਲੀ ਉਤਪਾਦਨ ਇਕਾਈਆਂ ਨੂੰ ਵੀ ਰੁਕ-ਰੁਕ ਕੇ ਚਲਾਉਣਾ ਪੈ ਰਿਹੈ ਆਰ.ਸਿੰਘ, ਪੰਜਾਬੀ ਜਾਗਰਣ ਸਾ਼ਾਹਪੁਰਕੰਡੀ/ ਪਠਾਨਕੋਟ : ਪਹਾੜੀ ਖੇਤਰਾਂ ’ਚ ਬਾਰਿਸ਼ ਦੀ ਘਾਟ ਕਾਰਨ ਦਰਿਆਵਾਂ ਤੇ ਜਲ ਭੰਡਾਰਾਂ ’ਚ ਪਾਣੀ ਦੀ ਆਮਦ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਅਸਰ ਰਣਜੀਤ ਸਾਗਰ ਡੈਮ ਦੀ ਝੀਲ ਦੇ ਜਲ ਪੱਧਰ ’ਤੇ ਵੀ ਦਿਖਾਈ ਦੇ ਰਿਹਾ ਹੈ। ਝੀਲ ਦਾ ਜਲ ਪੱਧਰ ਘਟ ਕੇ 506.57 ਮੀਟਰ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਇਹ 519.63 ਮੀਟਰ ਸੀ। ਇਸ ਤਰ੍ਹਾਂ ਸਾਲਾਨਾ ਤੁਲਨਾ ’ਚ ਜਲ ਪੱਧਰ 13 ਮੀਟਰ ਤੋਂ ਵੱਧ ਹੇਠਾਂ ਆ ਗਿਆ ਹੈ। ਦੋ ਦਿਨ ਪਹਿਲਾਂ ਝੀਲ ਦਾ ਪਾਣੀ ਪੱਧਰ 507.20 ਮੀਟਰ ਦਰਜ ਕੀਤਾ ਗਿਆ ਸੀ। ਪਾਣੀ ਦੀ ਆਮਦ ਘਟਣ ਕਾਰਨ ਡੈਮ ਦੀਆਂ ਬਿਜਲੀ ਉਤਪਾਦਨ ਇਕਾਈਆਂ ਨੂੰ ਵੀ ਰੁਕ-ਰੁਕ ਕੇ ਚਲਾਉਣਾ ਪੈ ਰਿਹਾ ਹੈ। ਆਮਦ 921 ਕਿਊਸਿਕ, ਜਦਕਿ ਛੱਡਿਆ ਜਾ ਰਿਹੈ 6,898 ਕਿਊਸਿਕ ਪਾਣੀ ਹਿਮਾਚਲ ਪ੍ਰਦੇਸ਼ ਸਥਿਤ ਚਮੇਰਾ ਪ੍ਰਾਜੈਕਟ ਤੋਂ ਰਣਜੀਤ ਸਾਗਰ ਡੈਮ ਦੀ ਝੀਲ ’ਚ 921 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ ਬਿਜਲੀ ਉਤਪਾਦਨ ਤੇ ਹੋਰਨਾਂ ਲੋੜਾਂ ਲਈ ਡੈਮ ਤੋਂ 6,898 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦੀ ਆਮਦ ਦੇ ਮੁਕਾਬਲੇ ਨਿਕਾਸ ਵੱਧ ਹੋਣ ਕਾਰਨ ਝੀਲ ਦੇ ਜਲ ਪੱਧਰ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਡੈਮ ਪ੍ਰਸ਼ਾਸਨ ਅਨੁਸਾਰ ਇਸ ਸਾਲ ਪਹਾੜੀ ਖੇਤਰਾਂ ਵਿੱਚ ਲੋੜੀਂਦੀ ਬਾਰਿਸ਼ ਨਾ ਹੋਣ ਕਾਰਨ ਚਮੇਰਾ ਪ੍ਰਾਜੈਕਟ ਅਤੇ ਹੋਰਨਾਂ ਪਹਾੜੀ ਖੇਤਰਾਂ ਤੋਂ ਵੀ ਲੋੜੀਂਦੀ ਮਾਤਰਾ ਵਿੱਚ ਪਾਣੀ ਨਹੀਂ ਪਹੁੰਚ ਸਕਿਆ। ਰੋਜ਼ਾਨਾ 35 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਝੀਲ ਵਿੱਚ ਪਾਣੀ ਦੀ ਉਪਲਬਤਾ ਨੂੰ ਧਿਆਨ ਵਿੱਚ ਰੱਖਦਿਆਂ ਡੈਮ ਦੀਆਂ ਤਿੰਨੋਂ ਬਿਜਲੀ ਉਤਪਾਦਨ ਇਕਾਈਆਂ ਰੁਕ-ਰੁਕ ਕੇ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਰਾਹੀਂ ਲਗਭਗ 300 ਮੈਗਾਵਾਟ ਦੀ ਸਮਰੱਥਾ ਨਾਲ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਕਰੀਬ 35 ਲੱਖ ਯੂਨਿਟ ਬਿਜਲੀ ਪੈਦਾ ਹੋ ਰਹੀ ਹੈ। ਬਿਜਲੀ ਉਤਪਾਦਨ ਦੇ ਨਾਲ-ਨਾਲ ਹੋਰਨਾਂ ਲੋੜਾਂ ਲਈ ਵੀ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦੀ ਘੱਟ ਆਮਦ ਕਾਰਨ ਉਤਪਾਦਨ ਇਕਾਈਆਂ ਨੂੰ ਨਿਰੰਤਰ ਚਲਾਉਣ ਦੀ ਬਜਾਏ ਲੋੜ ਅਨੁਸਾਰ ਚਲਾਇਆ ਜਾ ਰਿਹਾ ਹੈ। ਸ਼ਾਹਪੁਰਕੰਡੀ ਬੈਰਾਜ ਡੈਮ ’ਚ ਜਲ ਪੱਧਰ 403.35 ਮੀਟਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਦੂਜੀ ਇਕਾਈ ਸ਼ਾਹਪੁਰਕੰਡੀ ਬੈਰਾਜ ਡੈਮ ਦੀ ਝੀਲ ਦਾ ਜਲ ਪੱਧਰ 403.35 ਮੀਟਰ ਦਰਜ ਕੀਤਾ ਗਿਆ ਹੈ, ਜਦਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 404.50 ਮੀਟਰ ਹੈ। ਇਸ ਡੈਮ ਤੋਂ ਮਾਧੋਪੁਰ ਹੈੱਡਵਰਕਸ ਵੱਲ 4,358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ ਯੂਬੀਡੀਸੀ ਨਹਿਰ ਨੂੰ ਸਿੰਜਾਈ ਅਤੇ ਬਿਜਲੀ ਉਤਪਾਦਨ ਲਈ 4,150 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ। ਕਸ਼ਮੀਰ ਤੇ ਇਸਲਾਮਪੁਰ ਨਹਿਰਾਂ ਨੂੰ ਵੀ ਪਾਣੀ ਦੀ ਸਪਲਾਈ ਸ਼ਾਹਪੁਰਕੰਡੀ ਬੈਰਾਜ ਡੈਮ ਤੋਂ ਕਸ਼ਮੀਰ ਨਹਿਰ ਵਿੱਚ 250 ਕਿਊਸਿਕ ਅਤੇ ਇਸਲਾਮਪੁਰ ਨਹਿਰ ਵਿੱਚ 200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਐੱਮਬੀ ਲਿੰਕ ਨਹਿਰ ਵਿੱਚ ਇਸ ਸਮੇਂ ਪਾਣੀ ਨਹੀਂ ਛੱਡਿਆ ਜਾ ਰਿਹਾ। ਨਹਿਰਾਂ ਰਾਹੀਂ ਪਾਣੀ ਦੀ ਸਪਲਾਈ ਸਿੰਜਾਈ ਤੇ ਹੋਰਨਾਂ ਲੋੜਾਂ ਲਈ ਮਹੱਤਵਪੂਰਨ ਹੈ। ਦੂਜੇ ਪਾਸੇ, ਰਣਜੀਤ ਸਾਗਰ ਡੈਮ ਦੀ ਝੀਲ ’ਚ ਪਾਣੀ ਦੀ ਘੱਟ ਆਮਦ ਕਾਰਨ ਜਲ ਪੱਧਰ ਵਿਚ ਆ ਰਹੀ ਗਿਰਾਵਟ ਡੈਮ ਦੇ ਸੰਚਾਲਨ ਲਈ ਅਹਿਮ ਬਣੀ ਹੋਈ ਹੈ। ਡੈਮ ਪ੍ਰਸ਼ਾਸਨ ਅਨੁਸਾਰ ਝੀਲ ’ਚ ਅਜੇ ਵੀ ਪਾਣੀ ਦਾ ਭੰਡਾਰ ਮੌਜੂਦ ਹੈ, ਪਰ ਪਹਾੜੀ ਖੇਤਰਾਂ ’ਚ ਬਾਰਿਸ਼ ਦੀ ਘਾਟ ਕਾਰਨ ਪਾਣੀ ਦੀ ਆਮਦ ਉਮੀਦ ਅਨੁਸਾਰ ਨਹੀਂ ਹੋ ਰਹੀ। ਆਉਣ ਵਾਲੇ ਸਮੇਂ ’ਚ ਬਾਰਿਸ਼ ਤੇ ਪਾਣੀ ਦੀ ਆਮਦ ਹੀ ਝੀਲ ਦੇ ਜਲ ਪੱਧਰ ’ਚ ਸੁਧਾਰ ਲਈ ਅਹਿਮ ਰਹੇਗੀ।