ਸ਼ੋ੍ਮਣੀ ਅਕਾਲੀ ਦਲ ਭੋਆ ਦੇ ਕਾਲਾ ਰਾਮ ਹਲਕਾ ਇੰਚਾਰਜ ਨਿਯੁਕਤ
ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ, ਆਗੂਆਂ ਤੇ ਵਰਕਰਾਂ ਨੇ ਦਿੱਤੀ ਵਧਾਈ ਕਾਲਾ ਰਾਮ ਨੂੰ ਹਲਕਾ ਭੋਆ ਦੀ ਨਵੀਂ ਜ਼ਿੰਮੇਵਾਰੀ
Publish Date: Sat, 03 Oct 2026 05:03 PM (IST)
Updated Date: Sat, 03 Oct 2026 05:04 PM (IST)
ਆਰ.ਸਿੰਘ, ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਥੇਬੰਦਕ ਪੱਧਰ ’ਤੇ ਹਲਕਾ ਭੋਆ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਾ ਰਾਮ ਸਰਪੰਚ ਪਿੰਡ ਬਣੀ ਲੋਧੀ ਨੂੰ ਹਲਕਾ ਭੋਆ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਬਚਨ ਸਿੰਘ ਬੱਬੇਹਾਲੀ ਨਾਲ ਵਿਚਾਰ-ਵਟਾਂਦਰੇ ਉਪਰੰਤ ਲਿਆ ਗਿਆ। ਪਾਰਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਰਾਜਾ ਨੇ ਦੱਸਿਆ ਕਿ ਕਾਲਾ ਰਾਮ ਵੱਲੋਂ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਪਾਰਟੀ ਵਰਕਰਾਂ ਨਾਲ ਤਾਲਮੇਲ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਲਈ ਵੀ ਯਤਨ ਕੀਤੇ ਜਾਂਦੇ ਰਹੇ ਹਨ। ਇਸੇ ਦੇ ਮੱਦੇਨਜ਼ਰ ਪਾਰਟੀ ਵੱਲੋਂ ਉਨ੍ਹਾਂ ਨੂੰ ਹਲਕਾ ਭੋਆ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਜ਼ਿੰਮੇਵਾਰੀ ਮਿਲਣ ਨਾਲ ਹਲਕਾ ਭੋਆ ਵਿੱਚ ਪਾਰਟੀ ਦੇ ਜਥੇਬੰਦਕ ਕੰਮਾਂ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ। ਕਾਲਾ ਰਾਮ ਵੱਲੋਂ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਤਾਲਮੇਲ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਗੱਲ ਕਹੀ ਗਈ। ਇਸ ਮੌਕੇ ਸੁਰਿੰਦਰ ਸਿੰਘ ਕੰਵਰ (ਮਿੰਟਾ) ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਠਾਨਕੋਟ, ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਅਵਤਾਰ ਕਲੇਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਠਾਨਕੋਟ, ਗੁਰਪ੍ਰੀਤ ਸਿੰਘ (ਗੁਰੂ) ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਠਾਨਕੋਟ, ਬਲਵਿੰਦਰ ਸਿੰਘ ਖਾਲਸਾ ਟਰਾਂਸਪੋਰਟ ਵਿੰਗ ਪ੍ਰਧਾਨ, ਸੁਲਿੰਦਰ ਸਿੰਘ ਸੈਣੀ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ, ਅਨਹਦ ਪ੍ਰਭਾਕਰ ਜ਼ਿਲ੍ਹਾ ਪ੍ਰਧਾਨ ਐਸਓਆਈ ਪਠਾਨਕੋਟ, ਦੇਵਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਜਾਨਪੁਰ ਸ਼ਹਿਰੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਕਾਲਾ ਰਾਮ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।