ਪਠਾਨਕੋਟ ਵਿੱਚ ਕੌਮਾਂਤਰੀ ਸੰਮੇਲਨ, 14 ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਾਂਝੇ ਕੀਤੇ ਵਿਚਾਰ ਪਠਾਨਕੋਟ ਵਿੱਚ ਕੌਮਾਂਤਰੀ ਸੰਮੇਲਨ, 14 ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਾਂਝੇ ਕੀਤੇ ਵਿਚਾਰ
Publish Date: Thu, 15 Oct 2026 04:57 PM (IST)
Updated Date: Thu, 15 Oct 2026 05:00 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸ੍ਰਿਜਲ ਗੁਪਤਾ ਦੇ ਯਤਨਾਂ ਸਦਕਾ ਪਠਾਨਕੋਟ ਵਿਖੇ ਕੌਮਾਂਤਰੀ ਪੱਧਰ ਦੇ ਸੰਮੇਲਨ ‘ਟੈੱਡਐਕਸ ਕੈਲੇਡੋਨੀਅਨ’ ਦਾ ਆਯੋਜਨ ਕੀਤਾ ਗਿਆ। ‘ਦਿ ਵਰਲਡ ਕਮਜ਼ ਟੂ ਪਠਾਨਕੋਟ’ ਦੇ ਵਿਸ਼ੇ ਹੇਠ ਸਥਾਨਕ ਢਾਂਗੂ ਰੋਡ ਸਥਿਤ ਹੋਟਲ ਵਿੱਚ ਹੋਏ ਇਸ ਸੰਮੇਲਨ ਵਿੱਚ 14 ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸਾਬਕਾ ਪ੍ਰਧਾਨ ਮੰਤਰੀਆਂ, ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸੰਮੇਲਨ ਵਿੱਚ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੋਸੇਫ ਮਸਕਟ, ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੋਂਟਾ, ਮੋਲਡੋਵਾ ਦੇ ਸਾਬਕਾ ਪ੍ਰਧਾਨ ਮੰਤਰੀ ਇਯੂਰੀ ਲਿਆਂਕਾ ਅਤੇ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਇਟਲੀ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲੁਈਗੀ ਡੀ ਮਾਓ, ਬਰਤਾਨੀਆ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ, ਸਵੀਡਨ ਦੀ ਨਿਆਂ ਮੰਤਰੀ ਪੌਲੀਨਾ ਬ੍ਰਾਂਡਬਰਗ ਅਤੇ ਭਾਰਤ ਦੇ ਸੀਬੀਆਈ ਦੇ ਸਾਬਕਾ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੇ ਵੀ ਮੰਚ ਸਾਂਝਾ ਕੀਤਾ। ਯੂਰਪੀ ਸੰਸਦ ਦੇ ਮੈਂਬਰ ਟੋਮਾਸ ਜ਼ੈਡੇਕੋਵਸਕੀ, ਯੂਰਪੀ ਆਰਥਿਕ ਤੇ ਸਮਾਜਿਕ ਕਮੇਟੀ ਦੀ ਮੈਂਬਰ ਮਿਲੀਨਾ ਐਂਜਲੋਵਾ, ਯੂਕਰੇਨ ਦੀ ਸੰਸਦ ਮੈਂਬਰ ਲੀਸਾ ਯਾਸਕੋ, ਫਿਨਲੈਂਡ ਦੇ ਸੰਸਦ ਮੈਂਬਰ ਵਿਲੇ ਮੇਰੀਨੇਨ ਅਤੇ ਲਕਜ਼ਮਬਰਗ ਦੇ ਸੰਸਦ ਮੈਂਬਰ ਪੌਲ ਗਾਲਸ ਤੇ ਸਵੇਨ ਕਲੇਮੈਂਟ ਵੀ ਮੌਜੂਦ ਸਨ। ਕਾਰੋਬਾਰੀ ਜਗਤ ਤੋਂ ਬਿਨੈਂਸ ਨਾਲ ਸਬੰਧਤ ਰਾਜ ਟਿਮੋਥੀ ਨੰਦਵਾਨੀ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਨੇ ਵੀ ਸ਼ਿਰਕਤ ਕੀਤੀ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਨੇ ਆਨਲਾਈਨ ਸੰਦੇਸ਼ ਭੇਜ ਕੇ ਸ਼ੁਭਕਾਮਨਾਵਾਂ ਦਿੱਤੀਆਂ। ਸੰਮੇਲਨ ਦੌਰਾਨ ਪੁਲਾੜ, ਕਾਨੂੰਨ, ਲੋਕਤੰਤਰ ਅਤੇ ਖ਼ੁਸ਼ਹਾਲੀ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਲਕਜ਼ਮਬਰਗ ਦੇ ਸੰਸਦ ਮੈਂਬਰ ਸਵੇਨ ਕਲੇਮੈਂਟ ਨੇ ਪੁਲਾੜ ਵਿੱਚ ਡਾਟਾ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਫਿਨਲੈਂਡ ਦੇ ਬੁਲਾਰੇ ਨੇ ਜੀਵਨ ਵਿੱਚ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਦੇ ਮਹੱਤਵ ਬਾਰੇ ਵਿਚਾਰ ਰੱਖੇ। ਇਸ ਮੌਕੇ ਸ੍ਰਿਜਲ ਗੁਪਤਾ ਨੇ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ‘ਜੰਕਸ਼ਨ ਐਕਸ’ ਮੰਚ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੰਚ ਰਾਹੀਂ ਹੋਣਹਾਰ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਫਿਨਲੈਂਡ ਭੇਜਣ ਦੀ ਯੋਜਨਾ ਹੈ। ਸ੍ਰਿਜਲ ਗੁਪਤਾ ਨੇ ਪਠਾਨਕੋਟ ਨੂੰ ਪੰਜਾਬੀ, ਹਿੰਦੀ, ਡੋਗਰੀ ਅਤੇ ਪਹਾੜੀ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਸੰਗਮ ਦੱਸਦਿਆਂ ਇਸ ਨੂੰ ਤੀਰਥ ਦਾ ਦਰਜਾ ਦੇਣ ਦੀ ਵਕਾਲਤ ਕੀਤੀ। ਸੰਮੇਲਨ ਵਿੱਚ ਸ਼ਾਮਲ ਸਮਾਜਿਕ, ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਠਾਨਕੋਟ ਲਈ ਮਾਣ ਵਾਲੀ ਗੱਲ ਦੱਸਿਆ। ਇਸ ਮੌਕੇ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।