ਪਠਾਨਕੋਟ ਦੀਆਂ ਮੁੱਕੇਬਾਜ਼ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ’ਚ
Publish Date: Fri, 27 Nov 2026 05:13 PM (IST)
Updated Date: Sat, 28 Nov 2026 04:07 AM (IST)
* ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ’ਚ ਇੱਕ ਸੋਨੇ ਸਣੇ ਸੱਤ ਮੈਡਲ ਜਿੱਤੇ ਫੋਟੋ : ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਤਗਮੇ ਅਤੇ ਸਰਟੀਫਿਕੇਟ ਹਾਸਲ ਕਰਨ ਵਾਲੀਆਂ ਪਠਾਨਕੋਟ ਦੀਆਂ ਖਿਡਾਰਨਾਂ ਬਾਕਸਿੰਗ ਕੋਚ ਹਰਪ੍ਰੀਤ ਸਿੰਘ ਅਤੇ ਨਰਿੰਦਰ ਪਾਲ ਸਿੰਘ ਨਾਲ। ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ ਪਠਾਨਕੋਟ : ਪੰਜਾਬ ਦੇ ਬਾਦਲ (ਸ੍ਰੀ ਮੁਕਤਸਰ ਸਾਹਿਬ) ਸਥਿਤ ਦਸ਼ਮੇਸ਼ ਗਰਲਜ਼ ਕਾਲਜ ਵਿਖੇ 25 ਤੋਂ 27 ਨਵੰਬਰ ਤੱਕ ਕਰਵਾਈ ਗਈ ਸੀਨੀਅਰ ਮਹਿਲਾ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪਠਾਨਕੋਟ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ ਸੱਤ ਤਗਮੇ ਜਿੱਤ ਕੇ ਜ਼ਿਲ੍ਹੇ ਪਠਾਨਕੋਟ ਦਾ ਮਾਣ ਵਧਾਇਆ ਹੈ। ਮੁਕਾਬਲਿਆਂ ਵਿੱਚ ਪਠਾਨਕੋਟ ਦੀ ਖਿਡਾਰਨ ਏਜ ਮਹਾਜਨ ਨੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਰੋਧੀ ਖਿਡਾਰਨਾਂ ਨੂੰ ਮਾਤ ਦਿੰਦਿਆਂ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੁਮਨ ਨੇ 80 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸੰਜਨਾ ਨੇ ਵੀ ਆਪਣੀ ਖੇਡ ਦਾ ਬਿਹਤਰੀਨ ਮੁਜ਼ਾਹਰਾ ਕਰਦਿਆਂ 65 ਕਿਲੋਗ੍ਰਾਮ ਭਾਰ ਵਰਗ ਵਿੱਚ ਓਲੰਪੀਅਨ ਮੁੱਕੇਬਾਜ਼ ਸਿਮਰਨਜੀਤ ਕੌਰ ਨਾਲ ਮੁਕਾਬਲਾ ਕੀਤਾ ਅਤੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਤਨਵੀ ਨੇ ਆਪਣੇ ਭਾਰ ਵਰਗ ਵਿੱਚ, ਜੀਲ ਨੇ 70 ਕਿਲੋਗ੍ਰਾਮ ਅਤੇ ਟੀਸੀਕਾ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਪਠਾਨਕੋਟ ਦੀ ਤਗਮਾ ਸੂਚੀ ਵਿੱਚ ਵਾਧਾ ਕੀਤਾ। ਇਸ ਮੌਕੇ ਬਾਕਸਿੰਗ ਕੋਚ ਹਰਪ੍ਰੀਤ ਸਿੰਘ ਅਤੇ ਨਰਿੰਦਰ ਪਾਲ ਸਿੰਘ ਪਠਾਨਕੋਟ ਨੇ ਕਿਹਾ ਕਿ ਸੀਨੀਅਰ ਪੱਧਰ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਖਿਡਾਰਨਾਂ ਵੱਲੋਂ ਹਾਸਲ ਕੀਤੀ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਮੁੱਕੇਬਾਜ਼ੀ ਦੀ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰਨਾਂ ਨੂੰ ਉੱਚ ਪੱਧਰੀ ਸਿਖਲਾਈ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰਨਾਂ ਆਉਣ ਵਾਲੇ ਸਮੇਂ ਵਿੱਚ ਰਾਜ ਅਤੇ ਕੌਮੀ ਪੱਧਰ ਦੇ ਨਾਲ-ਨਾਲ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਗੀਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ।