ਅਜੈ ਡੱਢਵਾਲ ਦੂਜੀ ਵਾਰ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੜੇ ਮੁਕਾਬਲੇ ’ਚ ਅਜੈ ਡੱਢਵਾਲ ਦੂਜੀ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Publish Date: Sat, 12 Sep 2026 07:46 PM (IST)
Updated Date: Sat, 12 Sep 2026 07:47 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਦੇ ਹੋਏ ਚੋਣ ਮੁਕਾਬਲੇ ਵਿੱਚ ਐਡਵੋਕੇਟ ਅਜੈ ਡੱਢਵਾਲ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਰਛਪਾਲ ਠਾਕੁਰ ਨੂੰ 32 ਵੋਟਾਂ ਦੇ ਫਰਕ ਨਾਲ ਹਰਾ ਕੇ ਦੂਜੀ ਵਾਰ ਪ੍ਰਧਾਨਗੀ ਹਾਸਲ ਕੀਤੀ। ਅਜੈ ਡੱਢਵਾਲ ਨੂੰ 203, ਰਛਪਾਲ ਠਾਕੁਰ ਨੂੰ 171, ਸ਼ੈਲਿੰਦਰ ਸੂਰਿਆਵੰਸ਼ੀ ਨੂੰ 10 ਅਤੇ ਜੇਪੀ ਬੈਂਸ ਨੂੰ 9 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਰਹੀ। ਨਤੀਜਿਆਂ ਦੇ ਐਲਾਨ ਤੋਂ ਬਾਅਦ ਅਜੈ ਡੱਢਵਾਲ ਦੇ ਸਮਰਥਕਾਂ ਨੇ ਢੋਲ-ਨਗਾੜਿਆਂ ਨਾਲ ਖੁਸ਼ੀ ਮਨਾਈ। ਚੋਣ ਅਧਿਕਾਰੀ ਐਡਵੋਕੇਟ ਅਜੈ ਲਲੋਤਰਾ ਵੱਲੋਂ ਨਤੀਜੇ ਐਲਾਨੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਠਾਕੁਰ, ਜੇਡੀ ਸ਼ਰਮਾ, ਨਵਦੀਪ ਸੈਣੀ ਅਤੇ ਵਿਨੋਦ ਧੀਮਾਨ ਸਮੇਤ ਹੋਰ ਵਕੀਲਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਪ ਪ੍ਰਧਾਨ ਜਨਰਲ ਦੇ ਅਹੁਦੇ ’ਤੇ ਨਿਤਿਨ ਡੋਗਰਾ ਨੇ 256 ਵੋਟਾਂ ਲੈ ਕੇ ਪੰਕਜ ਧੀਮਾਨ ਨੂੰ ਹਰਾਇਆ। ਮਹਿਲਾ ਉਪ ਪ੍ਰਧਾਨ ਦੇ ਅਹੁਦੇ ’ਤੇ ਰੋਮਿਕਾ ਨੇ 231 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਮਮਤਾ ਨੂੰ 145 ਅਤੇ ਰੋਸ਼ਮ ਪਠਾਨੀਆ ਨੂੰ 17 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ’ਤੇ ਸਮਰਥ ਗੁਲਾਟੀ ਨੇ 209 ਵੋਟਾਂ ਲੈ ਕੇ ਅਮਨਦੀਪ ਨੂੰ ਹਰਾਇਆ। ਸਾਂਝੇ ਸਕੱਤਰ ਦੇ ਅਹੁਦੇ ’ਤੇ ਮੁਸਕਾਨ ਨੇ 206 ਵੋਟਾਂ ਹਾਸਲ ਕਰਕੇ ਨੈਂਸੀ ਨੂੰ ਮਾਤ ਦਿੱਤੀ। ਜਿੱਤ ਤੋਂ ਬਾਅਦ ਅਜੈ ਡੱਢਵਾਲ ਨੇ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਵਕੀਲਾਂ ਦੀ ਭਲਾਈ ਲਈ ਕੰਮ ਕਰਨਗੇ। ਨਵੇਂ ਵਕੀਲਾਂ ਲਈ ਚੈਂਬਰਾਂ ਦੀ ਸਮੱਸਿਆ ਦਾ ਹੱਲ ਕਰਵਾਉਣ, ਅਦਾਲਤੀ ਕੰਪਲੈਕਸ ਨੂੰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕਰਨ ਅਤੇ ਬਾਰ ਦੀ ਆਪਣੀ ਲਾਇਬ੍ਰੇਰੀ ਤਿਆਰ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਰਹੇਗਾ।