ਖ਼ਬਰ ਦਾ ਅਸਰ , ਨਾਜਾਇਜ਼ ਉਸਾਰੀ ਖ਼ਿਲਾਫ਼ ਇੰਪਰੂਵਮੈਂਟ ਟਰੱਸਟ ਨੇ ਕੀਤੀ ਕਾਰਵਾਈ
ਰਿਹਾਇਸ਼ੀ ਪਲਾਟਾਂ ਵਿੱਚ ਉਸਾਰੀ ਦਾ ਕੰਮ ਰੁਕਵਾਇਆ, ਟਰੱਸਟ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਚਲਾਇਆ ਪੀਲਾ ਪੰਜਾ ਪੰਜਾਬੀ ਜਾਗਰਣ ਦੀ ਖਬਰ ਦਾ ਅਸਰ , ਸੈਲੀ ਰੋਡ ’ਤੇ ਨਾਜਾਇਜ਼ ਉਸਾਰੀ ਖ਼ਿਲਾਫ਼ ਇੰਪਰੂਵਮੈਂਟ ਟਰੱਸਟ ਦੀ ਕਾਰਵਾਈ --
Publish Date: Sat, 10 Oct 2026 04:46 PM (IST)
Updated Date: Sat, 10 Oct 2026 04:47 PM (IST)
ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਦੇ ਸੈਲੀ ਰੋਡ ’ਤੇ ਰਿਹਾਇਸ਼ੀ ਪਲਾਟਾਂ ਵਿੱਚ ਕਥਿਤ ਵਪਾਰਕ ਉਸਾਰੀ ਅਤੇ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਸਬੰਧੀ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ। ਐੱਚਡੀਐੱਫਸੀ ਬੈਂਕ ਅਤੇ ਥਿੰਦ ਆਈ ਹਸਪਤਾਲ ਦੇ ਪਿਛਲੇ ਪਾਸੇ ਕੀਤੀ ਇਸ ਕਾਰਵਾਈ ਦੌਰਾਨ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ ਅਤੇ ਟਰੱਸਟ ਦੀ ਲਗਪਗ ਇੱਕ ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਪੀਲਾ ਪੰਜਾ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਨਾਲ ਰਿਹਾਇਸ਼ੀ ਪਲਾਟਾਂ ਦੀ ਕਥਿਤ ਵਪਾਰਕ ਵਰਤੋਂ ਅਤੇ ਸਰਕਾਰੀ ਜ਼ਮੀਨ ’ਤੇ ਕਬਜ਼ੇ ਦਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਐੱਸਡੀਓ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਟਰੱਸਟ ਦੇ ਈਓ ਅਰਵਿੰਦ ਸ਼ਰਮਾ ਦੇ ਹੁਕਮਾਂ ਅਨੁਸਾਰ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਉਸਾਰੀਕਰਤਾਵਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਆਸ ਪ੍ਰਗਟਾਈ ਕਿ ਵਿਭਾਗ ਵੱਲੋਂ ਸ਼ਹਿਰ ਵਿੱਚ ਹੋ ਰਹੀਆਂ ਹੋਰ ਨਾਜਾਇਜ਼ ਉਸਾਰੀਆਂ ਅਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ਿਆਂ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰੱਖੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਪਲਾਟਾਂ ਵਿੱਚ ਕਥਿਤ ਵਪਾਰਕ ਉਸਾਰੀ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਕੀ ਅਗਲੇਰੀ ਕਾਰਵਾਈ ਕੀਤੀ ਜਾਂਦੀ ਹੈ।