ਸਮਾਜ ਨੂੰ ਇਕਜੁੱਟ ਕਰਨ ਲਈ ਨਿਮਰਤਾ ਤੇ ਸਤਿਕਾਰ ਭਾਵਨਾ ਜ਼ਰੂਰੀ : ਆਚਾਰੀਆ ਸਮਾਜ ਨੂੰ ਇਕਜੁੱਟ ਕਰਨ ਲਈ ਨਿਮਰਤਾ, ਅਨੁਸ਼ਾਸਨ ਅਤੇ ਆਪਸੀ ਸਤਿਕਾਰ ਦੀ ਭਾਵਨਾ ਬੇਹੱਦ ਜ਼ਰੂਰੀ ਹੈ : ਆਚਾਰੀਆ ਡਾ. ਸੰਜੇ ਮੁਨੀ ਜੀ
Publish Date: Wed, 25 Nov 2026 04:57 PM (IST)
Updated Date: Thu, 26 Nov 2026 04:05 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਮਾਜ ਨੂੰ ਇਕਜੁੱਟ ਕਰਨ ਲਈ ਨਿਮਰਤਾ, ਅਨੁਸ਼ਾਸਨ ਤੇ ਆਪਸੀ ਸਤਿਕਾਰ ਦੀ ਭਾਵਨਾ ਬੇਹੱਦ ਜ਼ਰੂਰੀ ਹੈ ਤੇ ਸੰਤ ਦਾ ਦਰਬਾਰ ਹਰ ਵਰਗ ਦੇ ਵਿਅਕਤੀ ਲਈ ਬਰਾਬਰ ਖੁੱਲ੍ਹਾ ਹੋਣਾ ਚਾਹੀਦਾ ਹੈ। ਇਹ ਵਿਚਾਰ ਕ੍ਰਾਂਤੀਕਾਰੀ ਰਾਸ਼ਟਰਸੰਤ ਆਚਾਰੀਆ ਡਾ. ਸੰਜੇ ਮੁਨੀ ਜੀ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੰਗਾ ਨਿਰੰਤਰ ਵਹਿੰਦੀ ਹੈ ਅਤੇ ਕਿਸੇ ਨੂੰ ਵੀ ਉਸ ਵਿੱਚ ਇਸ਼ਨਾਨ ਕਰਨ ਤੋਂ ਨਹੀਂ ਰੋਕਦੀ, ਉਸੇ ਤਰ੍ਹਾਂ ਸੰਤਾਂ ਦਾ ਅਸ਼ੀਰਵਾਦ ਅਤੇ ਮਾਰਗਦਰਸ਼ਨ ਵੀ ਹਰੇਕ ਲਈ ਬਰਾਬਰ ਹੋਣਾ ਚਾਹੀਦਾ ਹੈ। ਆਚਾਰੀਆ ਸ੍ਰੀ ਨੇ ਕਿਹਾ ਕਿ ਧਾਰਮਿਕ ਦਰਬਾਰਾਂ ਵਿੱਚ ਅਨੁਸ਼ਾਸਨ ਅਤੇ ਵਿਵਸਥਾ ਦਾ ਵਿਸ਼ੇਸ਼ ਮਹੱਤਵ ਹੈ। ਪਹਿਲਾਂ ਸਾਧੂ-ਸੰਤਾਂ ਦੀ ਧਾਰਮਿਕ ਚਰਚਾ ਅਤੇ ਫਿਰ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਰਾਜਨੀਤਿਕ ਆਗੂਆਂ ਅਤੇ ਲੋੜਵੰਦਾਂ ਨੂੰ ਮਿਲਣ ਦਾ ਸਮਾਂ ਨਿਰਧਾਰਤ ਹੋਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਸ਼ਰਧਾਲੂ ਨਿਰਾਸ਼ ਹੋ ਕੇ ਨਾ ਪਰਤੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਹਰ ਵਿਅਕਤੀ ਖਾਲੀ ਆਵੇ ਅਤੇ ਅਸ਼ੀਰਵਾਦ ਲੈ ਕੇ ਜਾਵੇ। ਨਿਮਰਤਾ ਦਾ ਮਹੱਤਵ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਛੋਟੇ ਦਰਵਾਜ਼ੇ ਵਿੱਚੋਂ ਲੰਘਣ ਲਈ ਝੁਕਣਾ ਪੈਂਦਾ ਹੈ। ਇਸੇ ਤਰ੍ਹਾਂ ਸਮਾਜ ਨੂੰ ਇਕ ਮੰਚ ’ਤੇ ਲਿਆਉਣ ਲਈ ਹਉਮੈ ਛੱਡ ਕੇ ਨਿਮਰਤਾ ਅਪਣਾਉਣੀ ਪਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾਮੁਕਤੀ ਦੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਮਜ਼ਬੂਤ ਸਮਾਜਿਕ ਨੀਂਹ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ 17 ਦਸੰਬਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਗਊਸ਼ਾਲਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਸਾਰੇ ਸੰਤਾਂ ਅਤੇ ਸਮਾਜ ਨੂੰ ਇਕਜੁੱਟ ਹੋ ਕੇ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਜੀਵਦਇਆ ਨੂੰ ਜੈਨ ਧਰਮ ਦਾ ਮੂਲ ਸਿਧਾਂਤ ਦੱਸਦਿਆਂ ਗਊਮਾਤਾ ਨੂੰ ਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਦਰਜਾ ਦੇਣ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਆਚਾਰੀਆ ਡਾ. ਸੰਜੇ ਮੁਨੀ ਜੀ ਆਪਣੇ ਪ੍ਰਵਚਨਾਂ, ਦਿਵਯ ਗਿਆਨ ਸਾਧਨਾ ਰਾਹੀਂ ਸਮਾਜ ਨੂੰ ਨਿਰੰਤਰ ਮਾਰਗਦਰਸ਼ਨ ਦੇ ਰਹੇ ਹਨ ਅਤੇ ਰੋਜ਼ਾਨਾ 22 ਘੰਟੇ ਸਮਾਜ ਸੇਵਾ ਲਈ ਸਮਰਪਿਤ ਰਹਿ ਕੇ ਲੋਕਾਂ ਨੂੰ ਇਕ ਮਾਲਾ ਵਿੱਚ ਪਰੋਣ ਦਾ ਕਾਰਜ ਕਰ ਰਹੇ ਹਨ।