ਜੁਡੀਸ਼ੀਅਲ ਕੋਰਟ ਕੰਪਲੈਕਸ ਅੱਗੇ ਭਿਆਨਕ ਹਾਦਸਾ, ਟੈਂਕਰ ਦੀ ਮੁਰੰਮਤ ਦੌਰਾਨ ਹੋਇਆ ਜ਼ਬਰਦਸਤ ਧਮਾਕਾ; 20 ਸਾਲਾਂ ਤੋਂ ਕੰਮ ਕਰ ਰਹੇ ਕਾਰੀਗਰ ਦੀ ਮੌਤ ਪਠਾਨਕੋਟ–ਅੰਮ੍ਰਿਤਸਰ ਕੌਮੀ ਮਾਰਗ 'ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਾਹਮਣੇ ਛੋਟੀ ਨਹਿਰ ਮਲਕਪੁਰ ਵਿਖੇ ਸਥਿਤ ਸੂਰਿਆ ਟੈਂਕ ਐਂਡ ਅਲਾਇਡ ਇੰਡਸਟਰੀਜ਼ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਟੈਂਕਰ ਦੀ ਮੁਰੰਮਤ ਦੌਰਾਨ ਅਚਾਨਕ ਹੋਏ ਜ਼ੋਰਦਾਰ ਧਮਾਕੇ ਵਿੱਚ ਇੱਕ ਤਜਰਬੇਕਾਰ ਕਾਰੀਗਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਟੈਂਕਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵਰਕਸ਼ਾਪ ਵਿੱਚ ਹਫ਼ੜਾ-ਦਫ਼ੜੀ ਮਚ ਗਈ।
Publish Date: Thu, 30 Jul 2026 03:27 PM (IST)
Updated Date: Thu, 30 Jul 2026 03:28 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਪਠਾਨਕੋਟ–ਅੰਮ੍ਰਿਤਸਰ ਕੌਮੀ ਮਾਰਗ 'ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਾਹਮਣੇ ਛੋਟੀ ਨਹਿਰ ਮਲਕਪੁਰ ਵਿਖੇ ਸਥਿਤ ਸੂਰਿਆ ਟੈਂਕ ਐਂਡ ਅਲਾਇਡ ਇੰਡਸਟਰੀਜ਼ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਟੈਂਕਰ ਦੀ ਮੁਰੰਮਤ ਦੌਰਾਨ ਅਚਾਨਕ ਹੋਏ ਜ਼ੋਰਦਾਰ ਧਮਾਕੇ ਵਿੱਚ ਇੱਕ ਤਜਰਬੇਕਾਰ ਕਾਰੀਗਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਟੈਂਕਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵਰਕਸ਼ਾਪ ਵਿੱਚ ਹਫ਼ੜਾ-ਦਫ਼ੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਵਰਕਸ਼ਾਪ ਦੇ ਮਾਲਕ ਕੁਲਦੀਪ ਰਾਜ ਇਸ ਸਮੇਂ ਅਮਰੀਕਾ ਵਿੱਚ ਰਹਿੰਦੇ ਹਨ, ਜਦਕਿ ਇੱਥੇ ਵਰਕਸ਼ਾਪ ਦਾ ਸੰਚਾਲਨ ਉਨ੍ਹਾਂ ਦੇ ਰਿਸ਼ਤੇਦਾਰ ਦਿਨੇਸ਼ ਵੱਲੋਂ ਕੀਤਾ ਜਾਂਦਾ ਹੈ। ਦਿਨੇਸ਼ ਨੇ ਦੱਸਿਆ ਕਿ ਦੌਲਤ ਰਾਮ (58), ਵਾਸੀ ਪਿੰਡ ਬਲਸੂਆ, ਪਿਛਲੇ ਕਰੀਬ 20 ਸਾਲਾਂ ਤੋਂ ਵਰਕਸ਼ਾਪ ਵਿੱਚ ਕੰਮ ਕਰ ਰਿਹਾ ਹੈ। ਅੱਜ ਉਹ ਇੱਕ ਟੈਂਕਰ ਦੀ ਮੁਰੰਮਤ ਕਰ ਰਿਹਾ ਸੀ ਕਿ ਇਸ ਦੌਰਾਨ ਕਥਿਤ ਤੌਰ 'ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਿਨੇਸ਼ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਉਹ ਇਸ ਔਖੀ ਘੜੀ ਵਿੱਚ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।