- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੜੋਲੀ ਕਲਾਂ ਦੇ ਸ਼ਹੀਦ ਭਗਤ ਸਿੰਘ ਪਾਰਕ ਦੀ ਨੁਹਾਰ ਬਦਲਣ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਭੜੋਲੀ ਕਲਾਂ, ਜਲੰਧਰ-ਜੰਮੂ ਕੌਮੀ ਮਾਰਗ ’ਤੇ ਸਥਿਤ ਕਸਬਾ ਭੜੋਲੀ ਕਲਾਂ ਦੇ ਸ਼ਹੀਦ ਭਗਤ ਸਿੰਘ ਪਾਰਕ ਦੀ ਨੁਹਾਰ ਬਦਲਣ ਲਈ 10 ਲੱਖ ਰੁਪਏ ਦੀ ਗਰਾਂਟ ਨਾਲ ਨਵੀਂ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਦਾ ਉਦਘਾਟਨ ਡਾ. ਸਵਰਨ ਸਿੰਘ ਸਲਾਰੀਆ ਵੱਲੋਂ ਰਿਬਨ ਕੱਟ ਕੇ ਕੀਤਾ। ਇਸ ਮੌਕੇ ਪਾਰਕ ਕਮੇਟੀ ਦੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਪਾਰਕ ਕਮੇਟੀ ਦੇ ਪ੍ਰਧਾਨ ਠਾਕੁਰ ਜੋਧ ਸਿੰਘ ਨੇ ਦੱਸਿਆ ਕਿ ਐੱਮਡੀਐੱਫ ਫੰਡ ਵਿੱਚੋਂ ਪ੍ਰਾਪਤ ਹੋਈ ਇਸ ਗਰਾਂਟ ਨਾਲ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸ ਤਹਿਤ ਸੈਰ ਅਤੇ ਯੋਗ ਕਰਨ ਵਾਲਿਆਂ ਲਈ ਪੱਕਾ ਟਰੈਕ ਬਣਾਉਣ ਦੇ ਨਾਲ-ਨਾਲ ਜਿਮ ਲਈ ਵੱਖਰਾ ਕਮਰਾ ਅਤੇ ਆਧੁਨਿਕ ਕਸਰਤ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਬੱਚਿਆਂ ਦੇ ਖੇਡਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਕ ਨੂੰ ਇਲਾਕੇ ਦਾ ਸੁੰਦਰ ਤੇ ਸਹੂਲਤਾਂ ਭਰਪੂਰ ਪਾਰਕ ਬਣਾਉਣਾ ਕਮੇਟੀ ਦਾ ਸੁਪਨਾ ਹੈ। ਇਸ ਮੌਕੇ ਡਾ. ਸਵਰਨ ਸਿੰਘ ਸਲਾਰੀਆ ਹਲਕਾ ਇੰਚਾਰਜ ਅਤੇ ਸੁਜਾਨਪੁਰ ਤੋਂ ‘ਆਪ’ ਦੇ ਵਿਧਾਨ ਸਭਾ ਉਮੀਦਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਕ ਦੀ ਉਸਾਰੀ ਦਾ ਕੰਮ ਜਲਦ ਮੁਕੰਮਲ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਪ੍ਰਧਾਨ ਜੋਧ ਸਿੰਘ ਅਤੇ ਨਗਰ ਨਿਗਮ ਪਠਾਨਕੋਟ ਦੇ ਐਸਡੀਓ ਪੰਕਜ ਨੇ ਦੱਸਿਆ ਕਿ 10 ਲੱਖ ਰੁਪਏ ਦੀ ਗਰਾਂਟ ਪਾਰਕ ਦੇ ਵਿਕਾਸ ਕਾਰਜਾਂ ’ਤੇ ਪਾਰਦਰਸ਼ੀ ਢੰਗ ਨਾਲ ਖਰਚ ਕੀਤੀ ਜਾਵੇਗੀ। ਇਸ ਮੌਕੇ ਭੜੋਲੀ ਕਲਾਂ ਤੋਂ ਬਲਾਕ ਇੰਚਾਰਜ ਅਤੇ ਐਮਸੀ ਪਰਮਜੀਤ ਕੌਰ, ਅਧਿਆਪਕਾ ਬਿਮਲਾ ਦੇਵੀ, ਸੁਰਿੰਦਰ ਸਿੰਘ, ਸਾਬਕਾ ਸੂਬੇਦਾਰ ਬਲਵਿੰਦਰ ਸਿੰਘ, ਮਦਨ ਲਾਲ, ਰਮਨ ਕੁਮਾਰ, ਗਾਰਡ ਸਤਨਾਮ ਸਿੰਘ, ਸੁਰਜੀਤ ਸਿੰਘ ਸਮੇਤ ਕਮੇਟੀ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ।