
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੋਨੇ ਦੇ ਗਹਿਣੇ ਅਤੇ 4 ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ,

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਠਾਨਕੋਟ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚ ਝਪਟਮਾਰੀ ਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਜ਼ਿਲ੍ਹਾ ਪੁਲਿਸ ਨੇ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸੋਨੇ ਦੇ ਗਹਿਣੇ ਅਤੇ 4 ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 7 ਹੋਰ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।
ਐੱਸਪੀ ਪਠਾਨਕੋਟ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਧਰੁਵ ਮਹਾਜਨ ਵਾਸੀ ਮੁਹੱਲਾ ਪ੍ਰੇਮ ਨਗਰ ਸੈਨਗੜ੍ਹ ਪਠਾਨਕੋਟ, ਅਭਿਸ਼ੇਕ ਭੱਟੀ ਉਰਫ਼ ਵੱਡਾ ਸੈਮ ਵਾਸੀ ਸੁੰਦਰ ਨਗਰ ਪਠਾਨਕੋਟ, ਅਮਨ ਸਹੋਤਾ ਉਰਫ਼ ਮੋਲਾ ਵਾਸੀ ਸੁੰਦਰ ਨਗਰ ਪਠਾਨਕੋਟ, ਸ਼ਰਦ ਸ਼ਰਮਾ ਉਰਫ਼ ਮੈਂਗੋ ਵਾਸੀ ਸੁੰਦਰ ਨਗਰ ਪਠਾਨਕੋਟ ਅਤੇ ਜਸਵੰਤ ਉਰਫ਼ ਮੋਂਟੀ ਵਾਸੀ ਹਾਊਸਿੰਗ ਬੋਰਡ ਕਾਲੋਨੀ ਪਠਾਨਕੋਟ ਵਜੋਂ ਹੋਈ ਹੈ। ਇਨ੍ਹਾਂ 'ਚੋਂ 4 ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਦਕਿ ਜਸਵੰਤ ਉਰਫ਼ ਮੋਂਟੀ ਝਪਟਿਆ ਹੋਇਆ ਸੋਨਾ ਖਰੀਦਦਾ ਸੀ।
ਪੁਲਿਸ ਅਨੁਸਾਰ 18 ਅਗਸਤ ਨੂੰ ਸੀ.ਆਈ.ਏ. ਚੌਕ ਪਠਾਨਕੋਟ ਨੇੜੇ ਬੰਦ ਪਏ ਪੈਟਰੋਲ ਪੰਪ ਤੋਂ ਪਵਨ ਕੁਮਾਰ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਦੀ ਐੱਚ.ਐੱਫ. ਡੀਲਕਸ ਮੋਟਰਸਾਈਕਲ ਚੋਰੀ ਹੋ ਗਈ ਸੀ। ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਪੁਲਿਸ ਨੇ ਧਰੁਵ ਮਹਾਜਨ, ਅਭਿਸ਼ੇਕ ਭੱਟੀ ਉਰਫ਼ ਸੈਮ ਅਤੇ ਅਮਨ ਸਹੋਤਾ ਉਰਫ਼ ਮੋਲਾ ਨੂੰ 23 ਅਗਸਤ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ 12 ਅਗਸਤ ਨੂੰ ਜਮਾਲਪੁਰ ਕਾਲੋਨੀ ਦੀ ਮਹਿੰਦਰੋ ਦੇਵੀ ਨਾਲ ਹੋਈ ਝਪਟਮਾਰੀ ਦੇ ਮਾਮਲੇ 'ਚ ਪੀੜਤਾ ਨੇ ਅਭਿਸ਼ੇਕ ਭੱਟੀ ਉਰਫ਼ ਸੈਮ ਦੀ ਪਛਾਣ ਕਰ ਲਈ। ਪੀੜਤਾ ਅਨੁਸਾਰ ਮੁਲਜ਼ਮ ਨੇ ਆਪਣੇ ਸਾਥੀ ਨਾਲ ਸਪਲੈਂਡਰ ਮੋਟਰਸਾਈਕਲ 'ਤੇ ਆ ਕੇ ਉਸ ਦੇ ਕੰਨ ਤੋਂ ਸੋਨੇ ਦੀ ਬਾਲੀ ਝਪਟੀ ਸੀ। ਪੁੱਛਗਿੱਛ ਦੌਰਾਨ ਸੈਮ ਨੇ ਆਪਣੇ ਹੋਰ ਸਾਥੀਆਂ ਦੇ ਨਾਂ ਦੱਸੇ, ਜਿਸ ਤੋਂ ਬਾਅਦ ਸ਼ਰਦ ਸ਼ਰਮਾ ਉਰਫ਼ ਮੈਂਗੋ ਅਤੇ ਝਪਟੀ ਹੋਈ ਬਾਲੀ ਖਰੀਦਣ ਵਾਲੇ ਜਸਵੰਤ ਉਰਫ਼ ਮੋਂਟੀ ਨੂੰ ਵੀ 25 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
7 ਹੋਰ ਵਾਰਦਾਤਾਂ ਦਾ ਖੁਲਾਸਾ
ਪੁਲਿਸ ਮੁਤਾਬਕ ਮੁਲਜ਼ਮਾਂ ਨੇ 16 ਅਗਸਤ 2026 ਨੂੰ ਅਰੀਨਾ ਗੁਲਸ਼ਨ ਪੈਲੇਸ ਪਠਾਨਕੋਟ ਨੇੜੇ ਮੋਟਰਸਾਈਕਲ ਸਵਾਰ ਔਰਤ ਦੇ ਗਲੇ 'ਚੋਂ ਲਾਕੇਟ ਵਾਲੀ ਚੇਨ, 8 ਫਰਵਰੀ 2025 ਨੂੰ ਸੁੰਦਰ ਚੱਕ ਡਾਲਾ ਪੈਟਰੋਲ ਪੰਪ ਨੇੜੇ ਸਕੂਟੀ ਸਵਾਰ ਔਰਤ ਦੀ ਸੋਨੇ ਦੀ ਚੇਨ, 10 ਸਤੰਬਰ 2025 ਨੂੰ ਕ੍ਰਾਈਸਟ ਕਿੰਗ ਸਕੂਲ ਸੁਜਾਨਪੁਰ ਰੋਡ 'ਤੇ ਸਕੂਟੀ ਸਵਾਰ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ, 6 ਜੂਨ 2026 ਅਤੇ 1 ਜੁਲਾਈ 2026 ਨੂੰ ਪਿੰਡ ਛੋਟੇਪੁਰ ਨੇੜੇ ਔਰਤਾਂ ਦੇ ਕੰਨਾਂ ਤੋਂ ਸੋਨੇ ਦੀਆਂ ਬਾਲੀਆਂ, 22 ਅਗਸਤ 2026 ਨੂੰ ਪਿੰਡ ਛਤਵਾਲ ਬੱਸ ਸਟਾਪ ਨੇੜੇ ਸੈਰ ਕਰ ਰਹੀ ਔਰਤ ਦੇ ਕੰਨ ਦੀ ਸੋਨੇ ਦੀ ਬਾਲੀ ਅਤੇ 19 ਅਗਸਤ 2026 ਨੂੰ ਮੁਹੱਲਾ ਸੁੰਦਰ ਨਗਰ ਦੀ ਗਲੀ 'ਚ ਪੈਦਲ ਜਾ ਰਹੀ ਔਰਤ ਦੇ ਦੋਵਾਂ ਕੰਨਾਂ ਦੀਆਂ ਬਾਲੀਆਂ ਝਪਟਣ ਦੀ ਵਾਰਦਾਤ ਕਬੂਲ ਕੀਤੀ ਹੈ।
4 ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ
ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸੀ.ਆਈ.ਏ. ਚੌਕ ਪਠਾਨਕੋਟ ਦੇ ਬੰਦ ਪੈਟਰੋਲ ਪੰਪ ਤੋਂ ਚੋਰੀ ਐੱਚ.ਐੱਫ. ਡੀਲਕਸ ਮੋਟਰਸਾਈਕਲ, ਮਾਧੋਪੁਰ ਤੋਂ ਚੋਰੀ ਬਿਨਾਂ ਨੰਬਰੀ ਸਪਲੈਂਡਰ, ਪੀਰ ਬਾਬਾ ਚੌਕ ਪਠਾਨਕੋਟ ਤੋਂ ਚੋਰੀ ਹੀਰੋ ਹਾਂਡਾ ਸੀ.ਡੀ. ਡੀਲਕਸ ਅਤੇ ਟੈਂਕ ਚੌਕ ਪਠਾਨਕੋਟ ਤੋਂ ਚੋਰੀ ਹੀਰੋ ਹਾਂਡਾ ਡੀਲਕਸ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਜਸਵੰਤ ਉਰਫ਼ ਮੋਂਟੀ ਦੀ ਨਿਸ਼ਾਨਦੇਹੀ 'ਤੇ 27 ਅਗਸਤ ਨੂੰ ਝਪਟੀ ਹੋਈ ਸੋਨੇ ਦੀ ਬਾਲੀ ਵੀ ਬਰਾਮਦ ਕੀਤੀ ਗਈ।