- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਧੋਪੁਰ ’ਚ ਨਾਜਾਇਜ਼ ਰਸਤਿਆਂ ਰਾਹੀਂ ਮਾਈਨਿੰਗ ਸਮੱਗਰੀ ਲਿਜਾ ਰਹੇ ਚਾਰ ਟਿੱਪਰ ਕਾਬੂ
ਆਰ.ਸਿੰਘ, ਪੰਜਾਬੀ ਜਾਗਰਣ, ਮਾਧੋਪੁਰ/ਪਠਾਨਕੋਟ : ਪੰਜਾਬ-ਜੰਮੂ-ਕਸ਼ਮੀਰ ਸਰਹੱਦ ’ਤੇ ਸਥਿਤ ਮਾਧੋਪੁਰ ਵਿਖੇ ਖਣਨ ਵਿਭਾਗ ਨੇ ਨਾਜਾਇਜ਼ ਤਰੀਕੇ ਨਾਲ ਖਣਨ ਸਮੱਗਰੀ ਦੀ ਢੋਆ-ਢੁਆਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਚਾਰ ਟਿੱਪਰ ਕਾਬੂ ਕੀਤੇ ਹਨ। ਇਨ੍ਹਾਂ ਵਾਹਨਾਂ ਦੇ ਚਾਲਕਾਂ ਵਿਰੁੱਧ ਲਗਭਗ 4.10 ਲੱਖ ਦਾ ਜੁਰਮਾਨਾ ਲਾਇਆ ਹੈ। ਜਾਂਚ ਦੌਰਾਨ ਕਿਸੇ ਵੀ ਵਾਹਨ ਦੇ ਚਾਲਕ ਕੋਲ ਲਿਜਾਈ ਜਾ ਰਹੀ ਸਮੱਗਰੀ ਸਬੰਧੀ ਕੋਈ ਵੈਧ ਬਿੱਲ ਜਾਂ ਲੋੜੀਂਦੇ ਦਸਤਾਵੇਜ਼ ਨਹੀਂ ਮਿਲੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਈਨਿਗ ਵਿਭਾਗ ਦੇ ਐੱਸਡੀਓ ਬਿਪਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਚਾਰੇ ਟਿੱਪਰ ਜੰਮੂ-ਕਸ਼ਮੀਰ ਵੱਲੋਂ ਆ ਰਹੇ ਸਨ। ਸਰਕਾਰੀ ਨਿਯਮਾਂ ਅਨੁਸਾਰ ਅੰਤਰਰਾਜੀ ਪੱਧਰ ’ਤੇ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਲਈ ਮਾਧੋਪੁਰ ਵਿਖੇ ਮੁੱਖ ਤੇ ਪ੍ਰਵਾਨਿਤ ਰਸਤਾ ਨਿਰਧਾਰਤ ਕੀਤਾ ਗਿਆ ਹੈ, ਜਿੱਥੇ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਰਾਇਲਟੀ ਦੀ ਜਾਂਚ ਕੀਤੀ ਜਾਂਦੀ ਹੈ, ਪਰ ਕੁਝ ਵਾਹਨ ਚਾਲਕ ਸਰਕਾਰੀ ਜਾਂਚ ਤੇ ਟੈਕਸ ਤੋਂ ਬਚਣ ਲਈ ਦਰਿਆ ਵਿਚੋਂ ਬਣੇ ਕੱਚੇ ਅਤੇ ਗੈਰ-ਪ੍ਰਵਾਨਿਤ ਰਸਤਿਆਂ ਦੀ ਵਰਤੋਂ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੋਂ ਬਾਅਦ ਮਾਈਨਿੰਗ ਵਿਭਾਗ ਦੀ ਜਾਂਚ ਟੀਮ ਨੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨਾਕਾਬੰਦੀ ਕਰਕੇ ਇਨ੍ਹਾਂ ਚਾਰਾਂ ਵਾਹਨਾਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਵਾਹਨਾਂ ਵਿੱਚ ਲਿਜਾਈ ਜਾ ਰਹੀ ਸਮੱਗਰੀ ਸਬੰਧੀ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਐੱਸਡੀਓ ਬਿਪਨਦੀਪ ਸਿੰਘ ਅਨੁਸਾਰ ਚਾਰਾਂ ਵਾਹਨਾਂ ’ਤੇ 2 ਲੱਖ ਰੁਪਏ ਕੰਪਾਊਂਡਿੰਗ ਫ਼ੀਸ ਲਗਾਈ ਗਈ ਹੈ, ਜਦਕਿ ਬਿਨਾਂ ਰਾਇਲਟੀ ਸਮੱਗਰੀ ਲਿਜਾਣ ਦੇ ਮਾਮਲੇ ਵਿੱਚ ਸਿਸਟਮ ਜਨਰੇਟਿਡ ਪੋਰਟਲ ਰਾਹੀਂ ਰਾਇਲਟੀ ਜੁਰਮਾਨੇ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ, ਜੋ ਲਗਭਗ 2.10 ਲੱਖ ਰੁਪਏ ਬਣਨ ਦਾ ਅਨੁਮਾਨ ਹੈ। ਇਸ ਤਰ੍ਹਾਂ ਕੁੱਲ ਜੁਰਮਾਨੇ ਦੀ ਰਕਮ 4.10 ਲੱਖ ਰੁਪਏ ਦੇ ਕਰੀਬ ਬਣਦੀ ਹੈ। ਸਿਰਫ਼ 3 ਹਜ਼ਾਰ ਰੁਪਏ ਦੀ ਸਰਕਾਰੀ ਸੀਆਰ ਸਲਿੱਪ ਅਤੇ ਟੈਕਸ ਬਚਾਉਣ ਦੇ ਲਾਲਚ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਲੱਖਾਂ ਰੁਪਏ ਦਾ ਜੁਰਮਾਨਾ ਭੁਗਤਣਾ ਪੈ ਰਿਹਾ ਹੈ। ਵਿਭਾਗ ਵੱਲੋਂ ਟਰਾਂਸਪੋਰਟਰਾਂ ਤੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਅਤੇ ਪ੍ਰਵਾਨਿਤ ਰਸਤਿਆਂ ਦੀ ਹੀ ਵਰਤੋਂ ਕਰਨ ਅਤੇ ਵਾਹਨਾਂ ਵਿੱਚ ਸਮੱਗਰੀ ਦੇ ਵੈਧ ਬਿੱਲ, ਰਾਇਲਟੀ ਸਲਿੱਪ ਸਮੇਤ ਹੋਰ ਲੋੜੀਂਦੇ ਦਸਤਾਵੇਜ਼ ਜ਼ਰੂਰ ਰੱਖਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।