ਸਾਬਕਾ ਵਿਦਿਆਰਥੀਆਂ ਵੱਲੋਂ ਨਵ-ਨਿਯੁਕਤ ਪ੍ਰਿੰਸੀਪਲ ਦਾ ਸਵਾਗਤ ਸਾਬਕਾ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਸਕੂਲ ਪਹੁੰਚ ਕੇ ਨਵ-ਨਿਯੁਕਤ ਪ੍ਰਿੰਸੀਪਲ ਦਾ ਕੀਤਾ ਸਵਾਗਤ
Publish Date: Sat, 31 Oct 2026 04:09 PM (IST)
Updated Date: Sat, 31 Oct 2026 04:11 PM (IST)
ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ ਪਠਾਨਕੋਟ : ਸ਼ਹੀਦ ਮੇਜਰ ਦੀਪਕ ਕੁਮਾਰ ਪੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਨੀਲਮ ਰਠੌਰ ਵੱਲੋਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਣ ਮੌਕੇ ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਦੇ ਮੈਂਬਰਾਂ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਅੰਤਰਰਾਸ਼ਟਰੀ ਬਾਕਸਿੰਗ ਕੋਚ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਸਕੂਲ ਪਹੁੰਚੇ ਅਤੇ ਬੁੱਕੇ ਭੇਟ ਕਰਕੇ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਕੂਲ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਉਨ੍ਹਾਂ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਕਸਿੰਗ ਦੇ ਖੇਤਰ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚੋਂ ਪੜ੍ਹ ਕੇ ਨਿਕਲੇ ਕਈ ਖਿਡਾਰੀ ਰਾਸ਼ਟਰੀ ਪੱਧਰ ਤੇ ਤਗਮੇ ਜਿੱਤ ਕੇ ਸਕੂਲ ਅਤੇ ਪਠਾਨਕੋਟ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨੀਲਮ ਰਠੌਰ ਦੀ ਅਗਵਾਈ ਹੇਠ ਬਾਕਸਿੰਗ ਸਮੇਤ ਹੋਰ ਖੇਡਾਂ ਨੂੰ ਵੀ ਉਤਸ਼ਾਹ ਮਿਲੇਗਾ। ਇਸ ਮੌਕੇ ਪ੍ਰਿੰਸੀਪਲ ਨੀਲਮ ਰਠੌਰ ਨੇ ਕਿਹਾ ਕਿ ਸਕੂਲ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ ਅਤੇ ਬਾਕਸਿੰਗ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਅਤੇ ਗਣਿਤ ਅਧਿਆਪਕ ਰਮਨ ਕੁਮਾਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਫ਼ਲਤਾ ਹਾਸਲ ਕਰਨ ਵਾਲੇ ਪੰਜ ਬਾਕਸਿੰਗ ਖਿਡਾਰੀ ਰਮਨ ਕੁਮਾਰ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਵੱਲੋਂ ਦਿੱਤੀ ਸਿੱਖਿਆ, ਹੌਸਲਾ ਅਤੇ ਮਾਰਗਦਰਸ਼ਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਰਿਹਾ ਹੈ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਵਿੱਚ ਹਰਪ੍ਰੀਤ ਸਿੰਘ (ਬਾਕਸਿੰਗ ਕੋਚ, 2006 ਪਾਸ ਆਊਟ), ਨਰਿੰਦਰ ਪਾਲ (ਬਾਕਸਿੰਗ ਕੋਚ, 2012 ਪਾਸ ਆਊਟ), ਲਲਿਤ ਕੁਮਾਰ (ਬਾਕਸਰ, 2018 ਪਾਸ ਆਊਟ), ਵਿਕਾਸ ਠਾਕੁਰ (2020 ਪਾਸ ਆਊਟ) ਅਤੇ ਬਲਵੀਰ ਕੁਮਾਰ (2022 ਪਾਸ ਆਊਟ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਨਵ-ਨਿਯੁਕਤ ਪ੍ਰਿੰਸੀਪਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸਕੂਲ ਅਤੇ ਬਾਕਸਿੰਗ ਐਸੋਸੀਏਸ਼ਨ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।