ਅਧਿਆਪਕ ਖ਼ਿਲਾਫ਼ ਪੋਕਸੋ ਕੇਸ ਦਰਜ, ਪਰਿਵਾਰ ਦਾ ਥਾਣੇ ਅੱਗੇ ਧਰਨਾ ਅਧਿਆਪਕ ਖ਼ਿਲਾਫ਼ ਪੋਕਸੋ ਕੇਸ ਦਰਜ ਹੋਣ ਮਗਰੋਂ ਪਰਿਵਾਰ ਦਾ ਥਾਣੇ ਅੱਗੇ ਧਰਨਾ, ਜਾਂਚ ਦੀ ਮੰਗ
Publish Date: Tue, 04 Aug 2026 07:48 PM (IST)
Updated Date: Wed, 05 Aug 2026 04:11 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਸ਼ਾਹਪੁਰਕੰਢੀ/ਪਠਾਨਕੋਟ : ਸ਼ਾਹਪੁਰਕੰਡੀ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 7ਵੀਂ ਦੀ ਨਾਬਾਲਗ ਵਿਦਿਆਰਥਣ ਨਾਲ ਕਥਿਤ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਸੁਰਜੀਤ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਮੰਗਲਵਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਸ਼ਾਹਪੁਰਕੰਡੀ ਥਾਣੇ ਦੇ ਬਾਹਰ ਧਰਨਾ ਦੇ ਕੇ ਕੇਸ ਨੂੰ ਰੱਦ ਕਰਨ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਸੁਰਜੀਤ ਨੂੰ ਸਾਜ਼ਿਸ਼ ਤਹਿਤ ਝੂਠੇ ਮਾਮਲੇ ’ਚ ਫਸਾਇਆ ਗਿਆ ਹੈ। ਇਸ ਦੌਰਾਨ ਅਧਿਆਪਕ ਦੀ ਪਤਨੀ ਭਾਵੁਕ ਹੋ ਕੇ ਬੇਹੋਸ਼ ਹੋ ਗਈ, ਜਦਕਿ ਪ੍ਰਦਰਸ਼ਨਕਾਰੀਆਂ ਦੀ ਐੱਸਐੱਚਓ ਮੋਹਿਤ ਟਾਕ ਨਾਲ ਤਿੱਖੀ ਬਹਿਸ ਵੀ ਹੋਈ। ਪੁਲਿਸ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਦੂਜੇ ਪਾਸੇ, ਪੁਲਿਸ ਵੱਲੋਂ ਦਰਜ ਐੱਫਆਈਆਰ ਅਨੁਸਾਰ ਨਾਬਾਲਗ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ 3 ਅਗਸਤ ਨੂੰ ਸਕੂਲ ਦੇ ਕੰਪਿਊਟਰ ਲੈਬ ’ਚ ਉਸ ਨਾਲ ਅਸ਼ਲੀਲ ਹਰਕਤ ਕੀਤੀ ਗਈ। ਵਿਦਿਆਰਥਣ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਹੋਰ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਤਾਂ ਉਸ ਨੂੰ ਚੁੱਪ ਰਹਿਣ ਲਈ ਕਿਹਾ ਗਿਆ। ਘਰ ਪਹੁੰਚ ਕੇ ਉਸ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਸਕੂਲ ਪਹੁੰਚ ਗਏ ਤੇ ਰੋਸ ਮੁਜ਼ਾਹਰਾ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਵਿਦਿਆਰਥਣ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਅਧਿਆਪਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ ਬੇ-ਬੁਨਿਆਦ ਹਨ। ਪਰਿਵਾਰ ਦਾ ਦਾਅਵਾ ਹੈ ਕਿ ਜਿਸ ਸਮੇਂ ਦੀ ਘਟਨਾ ਦੱਸੀ ਜਾ ਰਹੀ ਹੈ, ਉਸ ਵੇਲੇ ਕੰਪਿਊਟਰ ਲੈਬ ’ਚ ਪੂਰੀ ਕਲਾਸ ਮੌਜੂਦ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥਣ ਨੂੰ ਸਮਝਾਉਣ ਲਈ ਮੋਢੇ ’ਤੇ ਹੱਥ ਰੱਖਿਆ ਗਿਆ ਸੀ ਪਰ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਹਰਕਤ ਨਹੀਂ ਕੀਤੀ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਇਕ ਪਾਸੇ ਦੀ ਕਾਰਵਾਈ ਕਰਦਿਆਂ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਕੇਸ ਦਰਜ ਕਰ ਲਿਆ ਹੈ।